ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਸੀਬੀਆਈ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਦਾਖ਼ਲ ਆਪਣੇ ਜਵਾਬ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ 4 ਜੁਲਾਈ 2020 ਨੂੰ ਹਿਰਾਸਤ ਵਿੱਚ ਲਏ ਗਏ ਸੁਖਜਿੰਦਰ ਸਿੰਘ ਉਰਫ ਸੰਨੀ ਅਤੇ ਸ਼ਕਤੀ ਸਿੰਘ ਦੀ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਦੱਸਿਆ ਹੈ। ਇਸਦੇ ਨਾਲ ਹੀ ਐਸਆਈਟੀ ਦੀ ਬੇਅਦਬੀ ਮਾਮਲਿਆਂ ਵਿੱਚ ਕੀਤੀ ਜਾ ਰਹੀ ਜਾਂਚ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।
ਆਰੋਪੀ ਸੁਖਜਿੰਦਰ ਸਿੰਘ ਵੱਲੋਂ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਉੱਤੇ ਆਪਣੇ ਜਵਾਬ ਵਿੱਚ ਸੀਬੀਆਈ ਨੇ ਕਿਹਾ ਹੈ ਕਿ ਐੱਸਆਈਟੀ ਨੂੰ ਜੂਨ, ਸਤੰਬਰ ਅਤੇ ਅਕਤੂਬਰ 2015 ਵਿੱਚ ਦਰਜ ਕੀਤੀ ਗਈ ਐੱਫਆਈਆਰ ਦੀ ਐੱਸਆਈਟੀ ਦੀ ਜਾਂਚ ਰੋਕੀ ਜਾਣੀ ਚਾਹੀਦੀ ਹੈ, ਕਿਉਂਕਿ ਸੀਬੀਆਈ ਪਹਿਲਾਂ ਹੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਸੀਬੀਆਈ ਦੇ ਐਡੀਸ਼ਨਲ ਸੁਪਰੀਟੈਂਡੈਂਟ ਅਨਿਲ ਕੁਮਾਰ ਯਾਦਵ ਨੇ ਹਾਈ ਕੋਰਟ ਵਿੱਚ ਦਾਇਰ ਜਵਾਬ ਵਿੱਚ ਐਸਆਈਟੀ ਵੱਲੋਂ ਫ਼ਰੀਦਕੋਟ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 173 ਤਹਿਤ ਦਾਇਰ ਅੰਤਿਮ ਜਾਂਚ ਰਿਪੋਰਟ ਨੂੰ ਵੀ ਖਾਰਜ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਰੋਪੀ ਸੁਖਜਿੰਦਰ ਸਿੰਘ ਨੇ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਫ਼ਰੀਦਕੋਟ ਦੇ ਬਾਜਾਖਾਨਾ ਥਾਣੇ ਵਿੱਚ 2 ਜੂਨ 2015 ਨੂੰ ਦਰਜ ਐੱਫਆਈਆਰ ਵਿੱਚ ਪੰਜਾਬ ਪੁਲਿਸ ਦੀ ਐੱਸਆਈਟੀ ਵੱਲੋਂ ਦਾਇਰ ਕੀਤੇ ਚਲਾਨ ਨੂੰ ਚੁਣੌਤੀ ਦਿੱਤੀ ਹੋਈ ਹੈ। ਪਟੀਸ਼ਨਕਰਤਾ ਨੇ ਮੁਹਾਲੀ ਅਦਾਲਤ ਵਿੱਚ ਇਸ ਚਲਾਨ ਨੂੰ ਸਵੀਕਾਰੇ ਜਾਣ ਦੇ ਆਦੇਸ਼ਾਂ ਨੂੰ ਖਾਰਜ ਕਰਨ ਦੀ ਮੰਗ ਵੀ ਕੀਤੀ ਹੈ। ਇਸਦੇ ਨਾਲ ਹੀ ਐੱਸਆਈਟੀ ਦੇ ਚਲਾਨ ਦੇ ਆਧਾਰ 'ਤੇ ਮੁਹਾਲੀ ਅਦਾਲਤ ਵੱਲੋਂ ਉਸ ਨੂੰ ਅਤੇ ਹੋਰ ਆਰੋਪੀਆਂ ਨੂੰ ਭੇਜੇ ਗਏ ਨੋਟਿਸ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ।
ਹਾਈਕੋਰਟ ਵਿੱਚ ਦਾਇਰ ਸੀਬੀਆਈ ਦੇ ਜਵਾਬ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਆਨ ਰਿਕਾਰਡ ਰੱਖਿਆ ਗਿਆ ਹੈ।