ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਖੇਤੀਬਾੜੀ ਆਰਡੀਨੈਂਸਾਂ ਬਾਰੇ ਝੂਠ ਬੋਲ ਕੇ ਲੋਕਾਂ ਦਾ ਧਿਆਨ ਕਿਧਰੇ ਹੋਰ ਪਾਸੇ ਭਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕੈਪਟਨ ਨੂੰ ਆਪਣੀਆਂ ਅਸਫ਼ਲਤਾਵਾਂ ਲਈ ਲੋਕਾਂ ਨੂੰ ਜਵਾਬ ਦੇਣ ਚਾਹੀਦਾ ਹੈ। ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਜਾਣਦੇ ਹਨ ਕਿ ਆਰਡੀਨੈਂਸਾਂ ਦਾ ਘੱਟੋ-ਘੱਟ ਸਮਰੱਥਨ ਮੁੱਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਜਾਰੀ ਕੀਤੇ ਇੱਕ ਬਿਆਨ 'ਚ ਸਾਬਕਾ ਮੁੱਖ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਪੰਜਾਬੀਆਂ ਦੇ ਹਿੱਤਾਂ ਲਈ ਕੇਂਦਰੀ ਖੇਤੀਬਾੜੀ ਆਰਡੀਨੈਂਸਾਂ ਬਾਰੇ ਰਾਜਨੀਤੀ ਕਰਨਾ ਛੱਡਣ। ਉਨ੍ਹਾਂ ਕਿਹਾ ਕਿ ਪੰਜਾਬੀ 5600 ਕਰੋੜ ਰੁਪਏ ਦੇ ਮਾਲੀਆ ਘਾਟੇ ਬਾਰੇ ਜਵਾਬ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਨ੍ਹਾਂ ਨੇਤਾਵਾਂ ਤੇ ਡਿਸਟੀਲਰੀ ਮਾਲਕਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਜਿਨ੍ਹਾਂ ਖ਼ਿਲਾਫ਼ ਨਜਾਇਜ਼ ਸ਼ਰਾਬ ਦੀ ਬਾਟਲਿੰਗ ਕਰਨ ਤੇ ਸੂਬੇ ਦੀ ਆਬਕਾਰੀ ਡਿਊਟੀ ਚੋਰੀ ਕਰਨ ਦੇ ਦੋਸ਼ ਲੱਗੇ ਹਨ।
ਉਨ੍ਹਾਂ ਕਿਹਾ ਕਿ ਲੋਕ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਕਿਉਂ ਸੂਬੇ 'ਚ ਰੇਤੇ ਦੀ ਨਜਾਇਜ਼ ਮਾਈਨਿੰਗ ਬਿਨ੍ਹਾਂ ਰੁਕਾਵਟ ਜਾਰੀ ਹੈ? ਕਿਉਂ ਸੂਬਾ ਸਰਕਾਰ ਲਾਇਸੰਸ ਫ਼ੀਸ ਘਟਾ ਕੇ ਰੇਤ ਮਾਫੀਆ ਦੀ ਮਦਦ ਕਰ ਰਹੀ ਹੈ ਤੇ ਉਨ੍ਹਾਂ ਨੂੰ ਉਥੋਂ ਵੀ ਰੇਤਾ ਕੱਢਣ ਦੀ ਆਗਿਆ ਦੇ ਰਹੀ ਹੈ, ਜਿਸ ਬਾਰੇ ਹਾਲੇ ਤੱਕ ਪ੍ਰਵਾਨਗੀਆਂ ਨਹੀਂ ਮਿਲੀਆਂ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਮਿਲੇ ਕੇਂਦਰੀ ਰਾਸ਼ਨ ਦੇ ਮਾਮਲੇ 'ਚ ਵੀ ਕਾਂਗਰਸ ਦੇ ਆਪਣੇ ਹੀ ਆਗੂਆਂ ਦੇ ਘਰਾਂ ਵਿਚ ਰਾਸ਼ਨ ਭੇਜੇ ਜਾਣ ਬਾਰੇ ਕਾਂਗਰਸ ਸਰਕਾਰ ਨੇ ਅੱਖਾਂ ਮੀਟ ਲਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚ ਗੰਨਾ ਉਤਪਾਦਕਾਂ ਦਾ ਬਕਾਇਆ ਲਟਕਣ ਅਤੇ ਆਮ ਆਦਮੀ 'ਤੇ ਮੋਟੇ ਬਿਜਲੀ ਬਿੱਲ ਥੋਪਣ ਸਮੇਤ ਹੋਰ ਕਈ ਮਸਲੇ ਹਨ, ਪਰ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਇਨ੍ਹਾਂ ਮਸਲਿਆਂ ਪ੍ਰਤੀ ਅਣਜਾਣ ਹਨ ਤੇ ਜਾਣ ਬੁੱਝ ਕੇ ਆਪਣੀਆਂ ਅਸਫ਼ਲਤਾਵਾਂ 'ਤੇ ਪਰਦਾ ਪਾਉਣ ਲਈ ਝੂਠੀਆਂ ਕਹਾਣੀਆਂ ਘੜ ਰਹੇ ਹਨ।
ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਕੀ ਇਹ ਸੱਚਾਈ ਨਹੀਂ ਹੈ ਕਿ ਤੁਸੀਂ 2017 ਵਿਚ ਸੂਬੇ ਦੇ ਏਪੀਐਮਸੀ ਐਕਟ 'ਚ ਸੋਧ ਕਰ ਕੇ ਉਹੀਂ ਸਾਰੀਆਂ ਮੱਦਾਂ ਸ਼ਾਮਲ ਕੀਤੀਆਂ ਜੋ ਫਾਰਮਰਜ਼ ਪ੍ਰੋਡਿਊਸ ਐਂਡ ਟਰੇਡ ਆਰਡੀਨੈਂਸ 'ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੂਬੇ ਨੇ ਨਾ ਸਿਰਫ ਆਪਣੇ ਏਪੀਐਮਸੀ ਐਕਟ 'ਚ ਸੋਧ ਕੀਤੀ ਬਲਕਿ ਖੇਤੀਬਾੜੀ ਆਰਡੀਨੈਂਸਾਂ ਦੀ ਸਲਾਹਕਾਰੀ ਪ੍ਰਕਿਰਿਆ ਵਿਚ ਵੀ ਹਿੱਸਾ ਲਿਆ।
ਅਕਾਲੀ ਆਗੂ ਨੇ ਕਿਹਾ ਕਿ ਅਜਿਹੇ ਹਲਾਤ 'ਚ ਮੁੱਖ ਮੰਤਰੀ ਵੱਲੋਂ ਵਾਰ ਵਾਰ ਇਸ ਮਸਲੇ 'ਤੇ ਕਿਸਾਨਾਂ ਦੀਆਂ ਭਾਵਨਾਵਾਂ ਭੜਕਾਉਣ ਲਈ ਯਤਨ ਕਰਨਾ ਗ਼ੈਰ ਲੋੜੀਂਦਾ ਹੈ ਤੇ ਇਹ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪ ਨੇ ਕਾਂਗਰਸ 'ਤੇ ਸਾਰੇ ਸ਼ੱਕ ਛੱਡ ਦਿੱਤੇ ਹਨ ਤੇ ਹੁਣ ਉਸ ਦਾ ਸਿਰਫ ਕਾਂਗਰਸ ਵਿੱਚ ਸ਼ਾਮਲ ਹੋਣਾ ਹੀ ਬਾਕੀ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਸਾਰੀਆਂ ਸਿਆਸੀ ਖੇਡਾਂ ਨੂੰ ਵੇਖ ਰਹੇ ਹਨ ਤੇ ਉਹ ਅਜਿਹੀਆਂ ਸਿਆਸਤ ਤੋਂ ਪ੍ਰੇਰਿਤ ਮੁਹਿੰਮਾਂ ਦੀ ਹਮਾਇਤ ਕਦੇ ਨਹੀਂ ਕਰਨਗੇ।