ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦਾ ਵਫ਼ਦ ਉੱਤਰ-ਪ੍ਰਦੇਸ਼ ਦੇ ਤਰਾਈ ਇਲਾਕੇ ਦੇ ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨੂੰ ਮਿਲੇਗਾ, ਜਿਨ੍ਹਾਂ ਉੱਤੇ ਉੱਤਰ-ਪ੍ਰਦੇਸ਼ ਅਤੇ ਉੱਤਰਾਖੰਡ ਸਰਕਾਰਾਂ ਨੇ ਉਜਾੜੇ ਦੀ ਤਲਵਾਰ ਲਟਕਾ ਦਿੱਤੀ ਹੈ।
ਪਾਰਟੀ ਦੇ ਸੂਬਾਈ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ 'ਤੇ ਅਧਾਰਿਤ ਤਿੰਨ ਮੈਂਬਰੀ ਵਫ਼ਦ ਉੱਤਰ ਪ੍ਰਦੇਸ਼ ਸਰਕਾਰ ਨੂੰ ਮਿਲੇਗਾ ਅਤੇ ਸਰਕਾਰੀ ਉਜਾੜੇ ਦਾ ਸਾਹਮਣਾ ਕਰ ਰਹੇ ਤਰਾਈ ਇਲਾਕੇ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਸਰਕਾਰ ਸਾਹਮਣੇ ਰੱਖੇਗਾ।
ਜਾਣਕਾਰੀ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਯੂ.ਪੀ ਅਤੇ ਉੱਤਰਾਖੰਡ ਦੇ ਤਰਾਈ ਖੇਤਰ ਦੀਆਂ ਬੰਜਰ ਜ਼ਮੀਨਾਂ ਨੂੰ ਖ਼ਰੀਦ ਕੇ ਉਪਜਾਊ ਅਤੇ ਖੁਸ਼ਹਾਲ ਬਣਾਉਣ ਵਾਲੇ ਪੰਜਾਬੀ ਕਿਸਾਨਾਂ ਨੂੰ ਬੀਜੇਪੀ ਉਜਾੜਨ ਉੱਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬਿਲਕੁੱਲ ਓਵੇਂ ਦਾ ਹੈ, ਜਿਵੇਂ ਪਹਿਲਾਂ ਗੁਜਰਾਤ ਦੇ ਕੱਛ ਇਲਾਕੇ ਦੇ ਹਜ਼ਾਰਾਂ ਪੰਜਾਬੀ ਕਿਸਾਨਾਂ ਨੂੰ ਉਜਾੜਿਆ ਗਿਆ ਸੀ।
ਚੀਮਾ ਨੇ ਕਿਹਾ ਕਿ ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ-ਪ੍ਰਦੇਸ਼ ਸਰਕਾਰਾਂ ਵੱਲੋਂ ਜਿਸ ਪੱਖਪਾਤੀ ਤਰੀਕੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਤੋਂ ਸਾਫ਼ ਹੈ ਕਿ ਭਾਜਪਾ ਕਿਸਾਨਾਂ ਖ਼ਾਸ ਕਰਕੇ ਪੰਜਾਬੀ ਕਿਸਾਨਾਂ ਵਿਰੁੱਧ ਫਿਰਕੂ ਸੋਚ ਰੱਖਦੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਤਰਾਈ ਇਲਾਕੇ ਦੇ ਪੰਜਾਬੀ ਕਿਸਾਨਾਂ ਦੇ ਉਜਾੜੇ ਲਈ ਬਾਦਲ ਪਰਿਵਾਰ ਵੀ ਭਾਜਪਾ ਦੇ ਬਰਾਬਰ ਜਿੰਮੇਵਾਰ ਹੈ, ਜੋ ਸਿਰਫ਼ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਕਿਸਾਨਾਂ ਦੇ ਪੱਖ 'ਚ ਬੋਲਣ ਤੋਂ ਵੀ ਲਾਚਾਰ ਹੋ ਚੁੱਕੇ ਹਨ।
ਚੀਮਾ ਨੇ ਕਿਹਾ ਕਿ ਦੂਸਰੇ ਸੂਬਿਆਂ ਦੇ ਪੰਜਾਬੀ ਕਿਸਾਨਾਂ ਦੇ ਮੁੱਦੇ ਪੰਜਾਬ ਭਾਜਪਾ ਲਈ ਵੀ ਪ੍ਰੀਖਿਆ ਦੀ ਘੜੀ ਹਨ। ਚੀਮਾ ਨੇ ਕਿਹਾ ਕਿ ਜੇਕਰ ਬਾਦਲ ਪਰਿਵਾਰ ਅਤੇ ਪੰਜਾਬ ਭਾਜਪਾ ਦੇ ਆਗੂਆਂ ਨੇ ਉਜਾੜੇ ਦੇ ਖਤਰੇ ਥੱਲੇ ਆਏ ਪੰਜਾਬੀ ਕਿਸਾਨਾਂ ਲਈ ਸਟੈਂਡ ਨਾ ਲਿਆ ਤਾਂ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਾ।