ਚੰਡੀਗੜ੍ਹ: ਪੰਜਾਬ ਦੇ ਵਿੱਚ 27 ਜਨਵਰੀ ਨੂੰ 400 ਨਵੇਂ ਮੁਹੱਲਾ ਕਲੀਨਿਕ ਲੋਕ ਅਰਪਣ ਕੀਤੇ ਗਏ ਅਤੇ ਇਸਦੇ ਨਾਲ ਹੀ ਆਪ ਸਰਕਾਰ ਉੱਤੇ ਸਵਾਲਾਂ ਅਤੇ ਇਲਜ਼ਾਮਾਂ ਦੀ ਝੜੀ ਲੱਗ ਗਈ। ਸਰਕਾਰ ਜਿੱਥੇ ਆਪਣੇ ਮੁਹੱਲਾ ਕਲੀਨਿਕਾਂ ਦਾ ਗੁਣਗਾਨ ਕਰ ਰਹੀ ਹੈ ਉਥੇ ਹੀ ਵਿਰੋਧੀ ਧਿਰਾਂ ਸਰਕਾਰ ਦੇ ਮੁਹੱਲਾ ਕਲੀਨਿਕਾਂ ਨੂੰ ਲੰਮੇਂ ਹੱਥੀਂ ਲੈ ਰਹੀਆਂ ਹਨ। ਭਾਜਪਾ ਆਗੂ ਅਨਿਲ ਸਰੀਨ ਨੇ ਸਰਕਾਰ ਅਤੇ ਮੁਹੱਲਾ ਕਲੀਨਿਕਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।
'ਆਪ' ਸਰਕਾਰ ਨੇ ਕੀਤੇ ਕਰੋੜਾਂ ਦੇ ਘਪਲੇ: ਭਾਜਪਾ ਆਗੂ ਅਨਿਲ ਸਰੀਨ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਖੋਲਣ ਦੇ ਨਾਂਅ ਉੱਤੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਕਰੋੜਾਂ ਰੁਪਏ ਨੂੰ ਖੁਰਦ ਬੁਰਦ ਕਰਨ ਵਿੱਚ ਲੱਗੀ ਹੋਈ ਹੈ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਹੋਰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਨੈਸ਼ਨਲ ਹੈਲਥ ਮਿਸ਼ਨ ਤਹਿਤ ਕੇਂਦਰੀ ਖਜ਼ਾਨੇ ਵਿੱਚੋਂ ਕਰੋੜਾਂ ,ਅਰਬਾਂ ਦੇ ਫੰਡ ਦੇ ਰਹੀ ਹੈ । ਉਨ੍ਹਾਂ ਕਿਹਾ ਇਸੇ ਮਿਸ਼ਨ ਤਹਿਤ ਪੰਜਾਬ ਨੂੰ ਅਪ੍ਰੈਲ 2022 ਤੋਂ ਨਵੰਬਰ 2022 ਤੱਕ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 342 ਕਰੋੜ ਤੋਂ ਵੱਧ ਰੁਪਏ ਦਿੱਤੇ ਜਾ ਚੁੱਕੇ ਹਨ।
ਕੇਂਦਰ ਸਰਕਾਰ ਦੇ ਇਸ ਪੈਸੇ ਨੂੰ ਪੰਜਾਬ ਸਰਕਾਰ ਆਮ ਆਦਮੀ ਕਲੀਨਿਕ ਦਾ ਨਾਮ ਉੱਤੇ ਖਰਚ ਕਰਕੇ ਪੰਜਾਬੀਆ ਨੂੰ ਮੂਰਖ ਬਣਾ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜੋ 400 ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਦਾ ਜੋ ਦਾਅਵਾ ਕਰ ਰਹੇ ਹਨ ਕੋਈ ਇੱਕ ਵੀ ਅਜਿਹਾ ਆਮ ਆਦਮੀ ਕਲੀਨਿਕ ਦੱਸ ਦੇਣ ਜਿਸ ਉੱਤੇ ਪੰਜਾਬ ਸਰਕਾਰ ਨੇ ਆਪਣਾ ਪੈਸਾ ਖਰਚ ਕਰਕੇ ਨਵਾ ਬਣਾਇਆ ਹੋਵੇ । ਉਹਨਾਂ ਦੱਸਿਆ ਕਿ ਮਿਤੀ 18 ਨਵੰਬਰ 2022 ਨੂੰ ਪੰਜਾਬ ਦੇ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ 521 ਮੁਢਲੇ ਸਿਹਤ ਕੇਂਦਰਾਂ ਨੂੰ ਅੱਪਡੇਟ ਕਰਨ ਲਈ ਪੱਤਰ ਲਿਖਿਆ ਸੀ,ਫਿਰ ਇਹ ਨਵੇਂ 400 ਆਮ ਆਦਮੀ ਕਲੀਨਿਕ ਕਿਹੜੇ ਹਨ।
ਪੈਸੇ ਦੀ ਦੁਰਵਰਤੋਂ: ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਪੈਸੇ ਦੀ ਦੁਰਵਰਤੋਂ ਕਰਕੇ ਆਪਣੀ ਵਾਹ ਵਾਹ ਖੱਟ ਰਹੀ ਹੈ। ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਦੇ ਲਈ ਨਵੇਂ ਡਾਕਟਰਾਂ ਅਤੇ ਸਹਾਇਕ ਸਟਾਫ਼ ਦੀ ਕੋਈ ਭਰਤੀ ਵੀ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਮੁਢਲੇ ਸਿਹਤ ਕੇਂਦਰ ਅਤੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਅਤੇ ਸਟਾਫ਼ ਨੂੰ ਹੀ ਆਮ ਆਦਮੀ ਕਲੀਨਿਕ ਦੀਆਂ ਸੇਵਾਵਾਂ ਵਿੱਚ ਲਗਾਇਆ ਜਾ ਰਿਹਾ ਹੈ ।ਜਿਸ ਕਰਕੇ ਕਮਾਉਨਿਟੀ ਹੈਲਥ ਸੈਟਰਾਂ ਉੱਤੇ ਓ ਪੀ ਡੀ ਅਤੇ ਐਮਰਜੈਸੀ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਮੁਹੱਲਾ ਕਲੀਨਿਕ ਦੇ ਉਦਘਾਟਨ ਸਮਾਰੋਹ ਦਾ ਵੱਡੇ ਪੱਧਰ ਉੱਤੇ ਵਿਰੋਧ ਆਮ ਲੋਕਾਂ ਦੇ ਨਾਲ ਨਾਲ ਪੰਚਾਇਤਾਂ ਵੱਲੋਂ ਵੀ ਕੀਤਾ ਪਰ ਇਹ ਗੂੰਗੀ ਬਹਿਰੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਹੈ ।
ਸਰਕਾਰ ਨਹੀਂ ਲਾਗੂ ਕਰ ਰਹੀ ਲਾਭਕਾਰੀ ਯੋਜਨਾਵਾਂ: ਅਨਿਲ ਸਰੀਨ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਲੋਕਾਂ ਲਈ ਬੇਹੱਦ ਲਾਭਕਾਰੀ ਯੋਜਨਾਵਾਂ ਨੂੰ ਪੰਜਾਬ ਵਿੱਚ ਲਾਗੂ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਕਰ ਰਹੀ ਹੈ ਅਤੇ ਦੂਜੇ ਪਾਸੇ ਆਯੁਸ਼ਮਾਨ ਭਾਰਤ ਜਹੀ ਕੇਂਦਰ ਸਰਕਾਰ ਦੀ ਯੋਜਨਾ ਜਿਸ ਵਿੱਚ ਪੰਜ ਲੱਖ ਤੱਕ ਦਾ ਮੁਫ਼ਤ ਇਲਾਜ ਹੈ ,ਜਿਸ ਦਾ ਪੰਜਾਬ ਦੇ ਲਗਭਗ 4511600 ਤੋਂ ਜ਼ਿਆਦਾ ਪਰਿਵਾਰਾਂ ਨੂੰ ਲਾਭ ਮਿਲਦਾ ਹੈ ਸਰਕਾਰ ਇਹਨਾਂ ਸਕੀਮਾਂ ਨੂੰ ਲਾਗੂ ਕਰਨ ਦੇ ਲਈ ਕੋਈ ਸਹੀ ਕਦਮ ਨਹੀਂ ਚੁੱਕ ਰਹੀ ਅਤੇ ਨਾ ਹੀ ਕਿਸੇ ਬੀਮਾ ਕੰਪਨੀ ਨਾਲ ਕੋਈ ਐਗਰੀਮੈਟ ਕਰ ਰਹੀ ਹੈ ਬਲਕਿ ਬਹੁਤ ਸਾਰੇ ਹਸਪਤਾਲਾਂ ਦਾ ਦੇਣ ਵਾਲਾ ਕਰੋੜਾਂ ਰੁਪਏ ਦਾ ਬਕਾਇਆ ਵੀ ਪੰਜਾਬ ਸਰਕਾਰ ਨਹੀਂ ਦੇ ਰਹੀ ਹੈ ।
ਇਹ ਵੀ ਪੜ੍ਹੋ: Clash in Malout : 3 ਨੌਜਵਾਨਾਂ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ 'ਤੇ ਪੱਥਰਬਾਜ਼ੀ, ਜਾਣੋ ਕਾਰਨ
ਉਹਨਾ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆਪਣੀ ਵਾਹ ਵਾਹ ਖੱਟਣ ਲਈ ਕਰੋੜਾਂ ਰੁਪਏ ਦੇ ਫਾਲਤੂ ਇਸ਼ਤਿਹਾਰ ਦੇ ਕੇ ਪੰਜਾਬ ਦੇ ਖਜਾਨੇ ਨੂੰ ਲੁੱਟ ਰਹੀ ਹੈ । ਉਹਨਾਂ ਕਿਹਾ ਕਿ ਆਯੁਸ਼ਮਾਨ ਯੋਜਨਾ ਤਹਿਤ ਲੱਗਭੱਗ 1300 ਬਿਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ । ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਇਹ ਸਕੀਮ ਸਚਾਰੂ ਢੰਗ ਨਾਲ ਪੰਜਾਬ ਵਿੱਚ ਲਾਗੂ ਹੋ ਜਾਵੇ ਤਾਂ ਪੰਜਾਬ ਦੇ ਲੋਕਾ ਨੂੰ ਬਹੁਤ ਫ਼ਾਇਦਾ ਹੋਵੇਗਾ। ਉਨ੍ਹਾਂ ਇਲਜ਼ਾਮ ਲਗਾਇਆ ਕਿ ਆਮ ਆਦਮੀ ਦੀ ਪੰਜਾਬ ਸਰਕਾਰ ਰਾਜਨੀਤੀ ਕਰਕੇ ਪੰਜਾਬੀਆਂ ਦੀ ਜਾਨ ਮਾਲ ਨਾਲ ਖਿਲਵਾੜ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਨਾ ਪਚਾ ਨੀ ਕਿੰਨੇ ਲੋਕਾਂ ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਦਾ ਫ਼ਾਇਦਾ ਨਾ ਮਿਲਣ ਕਾਰਨ ਆਪਣੀ ਜਾਨ ਗਵਾ ਚੁੱਕੇ ਹੋਣਗੇ ਜਾ ਉਹਨਾਂ ਨੂੰ ਇਲਾਜ ਕਰਵਾਉਣ ਲਈ ਭਾਰੀ ਰਕਮ ਚਕਾਉਣੀ ਪਈ ਹੋਵੇਗੀ।