ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਲੈ ਕੇ ਚੁੱਕੇ ਗਏ ਵਿਵਾਦ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਜਿੱਥੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਲਿਖੇ ਗਏ ਭਾਰਤ ਦੇ ਸੰਵਿਧਾਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੀ ਹੈ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਦੇ ਅਹੁਦੇ ਦੀ ਮਰਿਆਦਾ ਨੂੰ ਵੀ ਭਾਰੀ ਠੇਸ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਦੇਸ਼ ਦੇ ਸੰਵਿਧਾਨ ਦਾ ਮਜ਼ਾਕ ਬਣਾ ਕੇ ਰੱਖਿਆ ਹੈ। ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੇ ਪਵਿੱਤਰ ਸਦਨ ਵਿੱਚ ਲੋਕਾਂ ਦੇ ਭਖਦੇ ਮਸਲਿਆਂ ਦੀ ਗੱਲ ਕਰਨ ਦੀ ਬਜਾਏ ਲੋਕਾਂ ਨੂੰ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਭਗਵੰਤ ਮਾਨ ਸਰਕਾਰ ਨੇ ਪਵਿੱਤਰ ਸਦਨ ਨੂੰ ਸਿਆਸੀ ਅਖਾੜਾ ਬਣਾ ਦਿੱਤਾ ਹੈ। ਗੁਪਤਾ ਨੇ ਕਿਹਾ ਕਿ ਪੰਜਾਬ ਵਿਧਾਨਸਭਾ ਦਾ ਸਦਨ ਕੋਈ ਕਾਮੇਡੀ ਸਰਕਸ ਦਾ ਮੰਚ ਨਹੀਂ ਹੈ, ਜਿੱਥੇ ਭਗਵੰਤ ਮਾਨ ਆਪਣੇ ਕਾਮੇਡੀ ਸ਼ੋਅ ਕਰ ਰਹੇ ਹਨ।
ਗਵਰਨਰ ਉੱਤੇ ਝੂਠੇ ਇਲਜ਼ਾਮ: ਰਾਜਪਾਲ ਵੱਲੋਂ ਹੈਲੀਕਾਪਟਰ ਦੀ ਵਰਤੋਂ ਕਰਨ ਤੋਂ ਇਨਕਾਰ ਕਰਨ 'ਤੇ ਜੀਵਨ ਗੁਪਤਾ ਨੇ ਕਿਹਾ ਕਿ ਮਾਨਯੋਗ ਰਾਜਪਾਲ 'ਤੇ ਦੋਸ਼ ਲਗਾਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਅਰਵਿੰਦ ਕੇਜਰੀਵਾਲ ਨੂੰ ਹੈਲੀਕਾਪਟਰ ‘ਚ ਲੈ ਕੇ ਦੂਜੇ ਚੋਣ ਰਾਜਾਂ ਦੇ ਦੌਰੇ 'ਤੇ ਜਾ ਰਹੇ ਹਨ ਅਤੇ ਦੋਸ਼ ਰਾਜਪਾਲ 'ਤੇ ਲਗਾ ਰਹੇ ਹਨ। ਹੈਲੀਕਾਪਟਰ ਪੰਜਾਬ ਸਰਕਾਰ ਦਾ ਹੈ ਨਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ। ਮੁੱਖ ਮੰਤਰੀ ਭਗਵੰਤ ਮਾਨ, ਕੇਜਰੀਵਾਲ ਅਤੇ ਆਪ ਸਰਕਾਰ ਦੇ ਮੰਤਰੀਆਂ ਵੱਲੋਂ ਝੂਠ ਬੋਲਣ ਦੇ ਵਿਸ਼ਵ ਰਿਕਾਰਡ ਤੋਂ ਕੌਣ ਜਾਣੂ ਨਹੀਂ ਹੈ? ਇਨ੍ਹਾਂ ਲੋਕਾਂ ਨੇ ਝੂਠ ਬੋਲਣ ਦੀ ਪੀਐਚਡੀ ਕੀਤੀ ਹੋਈ ਹੈ। ਭਗਵੰਤ ਮਾਨ ਦੋਸ਼ ਲਗਾ ਰਹੇ ਹਨ ਕਿ ਰਾਜਪਾਲ ਵੱਧ ਖਰਚ ਕਰਦੇ ਹਨ, ਜਦੋਂ ਕਿ ਭਗਵੰਤ ਮਾਨ ਸਰਕਾਰ ਨੇ ਹੈਲੀਕਾਪਟਰ ਦਾ ਅਤੇ ਪੰਜਾਬ ਦੇ ਨਾਲ-ਨਾਲ ਦੂਜੇ ਰਾਜਾਂ ਵਿੱਚ ਵੀ ਝੂਠੇ ਇਸ਼ਤਿਹਾਰ ਦੇ ਕੇ ਪੰਜਾਬ ਦੇ ਖਜ਼ਾਨੇ 'ਤੇ ਕਰੋੜਾਂ ਰੁਪਏ ਦਾ ਬੋਝ ਪਾਇਆ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪੰਜਾਬ ਵਿੱਚ ਸਰਕਾਰੀ ਅਹੁਦਿਆਂ ’ਤੇ ਕੇਜਰੀਵਾਲ ਦੇ ਚਹੇਤਿਆਂ ਨੂੰ ਫਿੱਟ ਕਰਨ ਅਤੇ ਪੰਜਾਬੀਆਂ ਨੂੰ ਧੋਖਾ ਦੇਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਗੈਰ-ਕਾਨੂੰਨੀ ਹੈ।
- ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਕਾਂ ਦੀਆਂ ਸੇਵਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ, ਪੜ੍ਹੋ ਕਿਉਂ ਬਣ ਰਹੇ ਹਾਲਾਤ
- ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਦਾ ਕਹਿਰ, ਅਗੇਤੀ ਕਪਾਹ ਦੀ ਫਸਲ ਦਾ ਨੁਕਸਾਨ, ਕਿਵੇਂ ਗੁਲਾਬੀ ਸੁੰਡੀ ਤੋਂ ਪਾਇਆ ਜਾ ਸਕਦਾ ਹੈ ਛੁਟਕਾਰਾ, ਦੇਖੋ ਖ਼ਾਸ ਰਿਪੋਰਟ...
- ਲੁੱਟ ਦੀ ਨੀਅਤ ਨਾਲ ਘਰ 'ਚ ਦਾਖਿਲ ਹੋਇਆ ਅਧਿਆਪਕ,ਔਰਤ ਉੱਤੇ ਚਾਕੂਆਂ ਨਾਲ ਕੀਤੇ ਕਈ ਵਾਰ
ਗੁਰਦੁਆਰਾ ਐਕਟ ਵਿੱਚ ਸੋਧ ਗਲਤ: ਜੀਵਨ ਗੁਪਤਾ ਨੇ ਕਿਹਾ ਕਿ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਪੰਜਾਬ ਸਰਕਾਰ ਨੇ ਬਹੁਤ ਮਾੜਾ ਕੰਮ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦਾ ਸਪੱਸ਼ਟ ਮੱਤ ਹੈ ਕਿ ਧਰਮ ਜਾਂ ਪੰਥ ਦੇ ਮਾਮਲੇ ‘ਚ ਸਰਕਾਰ ਨੂੰ ਦਖਲ ਨਹੀਂ ਦੇਣਾ ਚਾਹਿਦਾ। ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰ ਸਭ ਨੂੰ ਮਿਲੇ ਇਸ ‘ਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ। ਗੁਰਬਾਣੀ ਨੂੰ ਸਾਰੇ ਸੰਸਾਰ ‘ਚ ਕਿੰਵੇਂ ਪਹੁੰਚਾਇਆ ਜਾਵੇ ਇਸ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ, ਪਰ ਭਗਵੰਤ ਮਾਨ ਸਰਕਾਰ ਵਲੋਂ ਜਿਦਾਂ ਇਹ ਸਭ ਕੀਤਾ ਜਾ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਗੁਰਬਾਣੀ ਦਾ ਪ੍ਰਸਾਰਨ ਤਾਂ ਸਿਰਫ ਬਹਾਨਾ ਹੈ, ਅਸਲ ਵਿੱਚ ਸਾਰਾ ਕੰਟਰੋਲ ਭਗਵੰਤ ਮਾਨ ਸਰਕਾਰ ਤੇ ਕੇਜਰੀਵਾਲ ਵਲੋਂ ਆਪਣੇ ਹਥ ਕਰਨਾ ਹੈ। ਭਾਜਪਾ ਇਸ ਦੀ ਸਖਤ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇਸ਼ ਦੀ ਸੰਵਿਧਾਨਿਕ ਵਿਵਸਥਾ ਨੂੰ ਚੈਲੰਜ ਕਰ ਰਹੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਦੱਸਣ ਕਿ ਜਿਹੜੇ ਮਸਲਿਆਂ ਤੇ ਪਹਿਲਾ ਸਪੈਸ਼ਲ ਸਦਨ ਬੁਲਾਏ ਗਏ ਸਨ, ਉਹਨਾ ਦਾ ਕੀ ਬਣਿਆ? ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕਿਸ ਨੇ ਕੀਤੀ? ਕਿਹੜੇ ਕਿਹੜੇ ਵਿਧਾਇਕ ਸਨ ਜ਼ਿਹਨਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ? ਇਸ ਮਸਲੇ ਤੇ ਹੁਣ ਤੱਕ ਕੀ ਕਾਰਵਾਈ ਹੋਈ ਉਸਨੂੰ ਜਨਤਕ ਕੀਤਾ ਜਾਵੇ। ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਦਾ ਜਵਾਬ ਜਨਤਾ ਨੂੰ ਦੇਣਾ ਪਵੇਗਾ।