ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਸ਼ੱਕ ਜਥੇਦਾਰੀ ਦੀ ਸੇਵਾ ਤੋਂ ਮੁਕਤ ਕਰ ਦਿੱਤਾ ਗਿਆ ਹੈ ਪਰ ਸੇਵਾ ਮੁਕਤੀ ਵਾਲੇ ਦਿਨ ਉਹਨਾਂ ਵੱਲੋਂ ਦਿੱਤੇ ਕਈ ਬਿਆਨ ਵਿਵਾਦ ਬਣ ਗਏ ਹਨ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਦਿੱਲੀ ਨਾਲ ਯਾਰੀ ਵਾਲਾ ਬਿਆਨ ਚੰਗਾ ਨਹੀਂ ਲੱਗਾ ਹੈ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਗੱਦਾਰ ਤੱਕ ਕਹਿ ਦਿੱਤਾ ਹੈ। ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਆਪਣੀ ਸੋਸ਼ਲ ਮੀਡੀਆ ਵਾਲ ਉੱਤੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਲਿਖੀ ਗਈ ਇਕ ਤਿੱਖੀ ਪ੍ਰਤੀਕਿਰਿਆ ਵੀ ਪੋਸਟ ਕੀਤੀ ਹੈ।
ਵੀਡੀਓ ਕਲਿੱਪ ਕੀਤੀ ਸਾਂਝੀ: ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਇਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਤੰਜ ਕੱਸਦੇ ਹੋਏ ਕਹਿ ਰਹੇ ਹਨ ਕਿ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ, ਹੈਗੀ ਤਾਂ ਹੈਗੀ ਹੈ ਡਰਨਾ ਕਿਉਂ। ਪੰਥ ਦਾ ਨੁਕਸਾਨ, ਕੌਮ ਦਾ ਨੁਕਸਾਨ ਅਤੇ ਸੰਸਥਾਵਾਂ ਦਾ ਨੁਕਸਾਨ ਉਹ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਜੇਕਰ ਕੋਈ ਕਰੇਗਾ ਤਾਂ ਉਸਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਬਲਵੰਤ ਸਿੰਘ ਰਾਜੋਆਣਾ ਵੱਲੋਂ ਲਿਖੀ ਗਈ ਇਸ ਪੋਸਟ ਵਿੱਚ ਜਥੇਦਾਰ ਦੇ ਬਿਆਨ ਦਾ ਵਿਰੋਧ ਕੀਤਾ ਗਿਆ ਹੈ।
ਪੰਥ ਨਾਲ ਗੱਦਾਰੀ : ਪੋਸਟ ਵਿੱਚ ਕਿਹਾ ਗਿਆ ਹੈ ਕਿ ਜਥੇਦਾਰ ਦੇ ਇਸ ਬਿਆਨ ਨਾਲ ਰਾਜੋਆਣਾ ਪਰਿਵਾਰ ਦੇ ਮਨ ਨੂੰ ਸੱਟ ਵੱਜੀ ਹੈ। ਉਹਨਾਂ ਕਿਹਾ ਹੈ ਕਿ ਦਿੱਲੀ ਨਾਲ ਯਾਰੀ ਵਾਲੇ ਅਸੀਂ ਪੰਥਕ ਹਿੱਤਾਂ ਦਾ ਪਹਿਰੇਦਾਰ ਤਾਂ ਹੀ ਮੰਨ ਸਕਦੇ ਹਾਂ ਜੇਕਰ 1984 ਦਾ ਇਨਸਾਫ਼ ਮਿਲਿਆ ਹੁੰਦਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 500 ਸਾਲਾ ਸਮਾਗਮ ਵਿੱਚ ਲਾਲ ਕਿਲ੍ਹੇ 'ਤੇ ਪੰਥ ਦੀ ਗੱਲ ਕਰਦੇ ਤੁਸੀਂ ਰਾਘਵ ਚੱਢਾ ਦੀ ਮੰਗਣੀ ਵਿੱਚ ਸ਼ਾਮਿਲ ਹੋ ਕੇ ਕਿਹੜੇ ਪੰਥ ਦੀ ਗੱਲ ਕਰ ਰਹੇ ਹੋ, ਇਸਦੀ ਸਮਝ ਨਹੀਂ ਆ ਰਹੀ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਦੀ ਦਿੱਲੀ ਨਾਲ ਯਾਰੀ ਸਾਨੂੰ ਪੰਥ ਨਾਲ ਗੱਦਾਰੀ ਲੱਗਦੀ ਹੈ।
ਪੰਥ ਦੀ ਗੱਲ ਨਹੀਂ ਕੀਤੀ : ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੇ ਕਿਹਾ ਹੈ ਕਿ ਜਥੇਦਾਰ ਨੇ 5 ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਈ ਹੈ ਅਤੇ ਇਹਨਾਂ 5 ਸਾਲਾਂ ਵਿੱਚ ਕਦੇ ਵੀ ਪੰਥ ਦੀ ਗੱਲ ਨਹੀਂ ਕੀਤੀ ਹੈ। ਕਦੇ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਅਤੇ ਨਾ ਹੀ ਕਦੇ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਮਿਲਦੀ ਪੈਰੋਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਦੀ ਦਿੱਲੀ ਨਾਲ ਯਾਰੀ ਹੈ ਤਾਂ ਉਨ੍ਹਾਂ ਵੱਲੋਂ ਕੌਮ ਦਾ ਕਿਹੜਾ ਭਲਾ ਕੀਤਾ ਗਿਆ ਹੈ।