ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਮਾਮਲੇ 'ਚ ਅੱਜ ਮੁਹਾਲੀ ਕੋਰਟ ਵਿੱਚ ਜੱਜ ਮੋਨਿਕਾ ਗੋਇਲ ਦੀ ਕੋਰਟ ਤੋਂ ਕੇਸ ਟਰਾਂਸਫ਼ਰ ਕਰ ਦਿੱਤਾ ਗਿਆ ਹੈ। ਮੋਹਾਲੀ ਕੋਰਟ ਨੇ ਮਾਮਲੇ ਨੂੰ ਜੱਜ ਰਜਨੀਸ਼ ਗਰਗ ਦੀ ਕੋਰਟ ਵਿੱਚ ਟਰਾਂਸਫਰ ਕੀਤਾ ਹੈ। ਬਲਵੰਤ ਸਿੰਘ ਮੁਲਤਾਨੀ ਦੇ ਭਰਾ ਬਲਵਿੰਦਰ ਸਿੰਘ ਮੁਲਤਾਨੀ ਦੀ ਅਪੀਲ 'ਤੇ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਹੈ। ਮੁਲਤਾਨੀ ਦੇ ਪਰਿਵਾਰ ਵੱਲੋਂ ਕੋਰਟ ਵਿੱਚ ਅਪੀਲ ਕੀਤੀ ਗਈ ਸੀ ਕਿ ਉਹ ਆਪਣਾ ਕੇਸ ਟਰਾਂਸਫਰ ਕਰਵਾਉਣਾ ਚਾਹੁੰਦੇ ਹਨ ਜਦਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਇਸ ਅਪੀਲ ਦਾ ਵਿਰੋਧ ਕੀਤਾ ਸੀ।
ਇਸ ਮਾਮਲੇ ਵਿੱਚ ਪਲਵਿੰਦਰ ਸਿੰਘ ਮੁਲਤਾਨੀ ਦੇ ਵਕੀਲ ਪ੍ਰਦੀਪ ਵਿਰਕ ਨੇ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਡਰ ਹੈ ਕਿ ਪੰਜਾਬ ਪੁਲਿਸ ਮਾਮਲੇ ਵਿੱਚ 302 ਦੀ ਧਾਰਾ ਨਾ ਜੋੜ ਦੇਵੇ, ਜਿਸ ਦੇ ਚੱਲਦੇ ਉਨ੍ਹਾਂ ਨੇ ਮੋਹਾਲੀ ਕੋਰਟ ਤੋਂ 8 ਜੂਨ ਨੂੰ ਐਂਟੀਸਪੇਟਰੀ ਬੇਲ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਜੱਜ ਮੋਨਿਕਾ ਗੋਇਲ ਨੇ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕੀਤੇ ਬਿਨ੍ਹਾਂ ਹੀ ਸ਼ਿਕਾਇਤਕਰਤਾ ਪੱਖ ਨੂੰ ਬਿਨ੍ਹਾਂ ਸੁਣੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਇੰਟਰ ਰਿਲੀਫ ਦੇ ਦਿੱਤੀ ਸੀ।
ਇਹ ਵੀ ਪੜ੍ਹੋ: ਲੁਧਿਆਣਾ ਦੇ ਕਾਕੋਵਾਲ ਇਲਾਕੇ 'ਚ ਦੋ ਧਿਰਾਂ ਵਿਚਾਲੇ ਝਗੜਾ, ਸੀਸੀਟੀਵੀ ਵੀਡੀਓ ਵਾਇਰਲ
ਪਲਵਿੰਦਰ ਮੁਲਤਾਨੀ ਦੇ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ ਕੇਸ ਟਰਾਂਸਫਰ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੂੰ ਹੁਣ ਉਮੀਦ ਜਗੀ ਹੈ ਕਿ ਇਨਸਾਫ ਜਲਦ ਤੋਂ ਜਲਦ ਮਿਲੇਗਾ। ਉਨ੍ਹਾਂ ਕਿਹਾ ਕਿ ਜਿਹੜੀ ਜਾਂਚ ਚੱਲ ਰਹੀ ਹੈ ਉਸ ਵਿੱਚ ਪੀੜਤ ਪਰਿਵਾਰ ਵੱਲੋਂ ਕੋਈ ਸਵਾਲ ਨਹੀਂ ਚੁੱਕੇ ਜਾ ਰਹੇ, ਜਿਸ ਨਾਲ ਕਿਤੇ ਨਾ ਕਿਤੇ ਇਹੀ ਲੱਗ ਰਿਹਾ ਹੈ ਕਿ ਸੁਮੇਧ ਸੈਣੀ ਆਪਣੇ ਹਿਸਾਬ ਨਾਲ ਹੀ ਜਾਂਚ ਕਰਵਾ ਰਿਹਾ ਹੈ।