ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਤੇ ਕਸਟੋਡੀਅਲ ਟਾਰਚਰ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮੋਹਾਲੀ ਕੋਰਟ ਤੋਂ ਅੰਤਰਿਮ ਰਾਹਤ ਮਿਲ ਗਈ ਹੈ। ਮੋਹਾਲੀ ਕੋਰਟ ਨੇ 27 ਅਗਸਤ ਤੱਕ ਸੈਣੀ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ।
ਬਲਵੰਤ ਮੁਲਤਾਨੀ ਕੇਸ: ਸੁਮੇਧ ਸੈਣੀ ਨੂੰ ਦੋ ਦਿਨ ਦੀ ਅੰਤਰਿਮ ਰਾਹਤ ਮਿਲੀ ਮੋਹਾਲੀ ਕੋਰਟ ਵਿੱਚ ਮੰਗਲਵਾਰ ਨੂੰ ਸਾਬਕਾ ਡੀਜੀਪੀ ਸੈਣੀ ਦੇ ਵਕੀਲ ਏ.ਪੀ.ਐਸ. ਦਿਓਣ ਅਤੇ ਸਰਕਾਰੀ ਵਕੀਲ ਤੇਜ ਨਰੂਲਾ ਨੇ ਜੱਜ ਸੰਜੇ ਅਗਨੀਹੋਤਰੀ ਅੱਗੇ ਆਪਣੀਆਂ ਦਲੀਲਾਂ ਰੱਖੀਆਂ।ਸੈਣੀ ਦੇ ਵਕੀਲ ਨੇ ਕੋਰਟ ਨੂੰ ਕਿਹਾ ਕਿ ਐੱਸਆਈਟੀ ਨੇ ਧਾਰਾ 302 ਜੋੜਨ ਲਈ ਜਿਹੜੀ ਪ੍ਰਕਿਰਿਆ ਤਿਆਰ ਕੀਤੀ ਹੈ, ਉਸ ਨੂੰ ਫਾਲੋ ਨਹੀਂ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸੈਣੀ ਨੂੰ 302 ਧਾਰਾ ਦੇ ਨਾਲ-ਨਾਲ ਹੋਰ ਧਾਰਾਵਾਂ ਤਹਿਤ ਪਹਿਲਾਂ ਵੀ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ ਅਤੇ ਉਹ ਜਾਂਚ ਵਿੱਚ ਸਹਿਯੋਗ ਵੀ ਦੇ ਰਹੇ ਹਨ।ਜ਼ਿਕਰਯੋਗ ਹੈ ਕਿ ਐਸਆਈਟੀ ਨੇ 21 ਅਗਸਤ ਨੂੰ ਸੁਮੇਧ ਸਿੰਘ ਸੈਣੀ ਨੂੰ ਨੋਟਿਸ ਭੇਜਿਆ ਸੀ, ਕਿਉਂਕਿ ਮੋਹਾਲੀ ਕੋਰਟ ਨੇ ਆਦੇਸ਼ ਦਿੱਤੇ ਸੀ ਕਿ ਸੁਮੇਧ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ 3 ਦਿਨ ਪਹਿਲਾਂ ਨੋਟਿਸ ਦੇਣਾ ਜ਼ਰੂਰੀ ਹੈ। ਇਸਤੋਂ ਇਲਾਵਾ ਹੁਣ ਮੋਹਾਲੀ ਕੋਰਟ ਵਿੱਚ ਸੈਣੀ ਵਿਰੁੱਧ ਤਿੰਨ ਵਾਅਦਾ-ਮੁਆਫ਼ ਗਵਾਹ ਵੀ ਆਪਣੀ ਸਟੇਟਮੈਂਟ ਰਿਕਾਰਡ ਕਰ ਚੁੱਕੇ ਹਨ। ਹੁਣ ਮਾਮਲੇ ਵਿੱਚ ਅਗਲੀ ਸੁਣਵਾਈ 27 ਅਗਸਤ ਨੂੰ ਹੋਵੇਗੀ।
ਪੰਜਾਬ ਸਰਕਾਰ ਦੇ ਵਕੀਲ ਸਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਸੈਣੀ ਦੇ ਘਰ ਨਾ ਹੋਣ 'ਤੇ ਉਨ੍ਹਾਂ ਨੇ ਗਰਾਊਂਡ ਲੈਂਦੇ ਹੋਏ ਜਮਾਨਤ ਰੱਦ ਕਰਨ ਦੀ ਅਪੀਲ ਕੋਰਟ ਵਿੱਚ ਦਾਖਲ ਕੀਤੀ ਸੀ, ਪਰ ਜੱਜ ਰਜਨੀਸ਼ ਗਰਗ ਕੋਰਟ ਵਿੱਚ ਮੌਜੂਦ ਨਹੀਂ ਸੀ। ਇਸ ਕਰਕੇ ਡਿਊਟੀ ਮੈਜਿਸਟ੍ਰੇਟ ਨੇ ਕੇਸ ਸੁਣਿਆ। ਹਾਲਾਂਕਿ ਜ਼ਮਾਨਤ 'ਤੇ ਡਿਊਟੀ ਮੈਜਿਸਟ੍ਰੇਟ ਸੁਣਵਾਈ ਨਹੀਂ ਕਰ ਸਕਦਾ ਹੈ, ਜਿਸਦੇ ਮੱਦੇਨਜ਼ਰ ਸੈਣੀ ਨੂੰ ਕੋਰਟ ਨੇ ਦੋ ਦਿਨ ਦੀ ਅੰਤਰਿਮ ਰਾਹਤ ਦਿੱਤੀ ਹੈ।