ਚੰਡੀਗੜ੍ਹ: ਨਵੇਂ ਖੇਤੀ ਕਾਨੂੰਨਾਂ ਦਾ ਸੂਬੇ ਭਰ ਦੀਆਂ ਕਿਸਾਨ ਜਥੇਬੰਦੀਆਂ ਸਣੇ ਕਲਾਕਾਰ ਅਤੇ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ ਤਾਂ ਉੱਥੇ ਹੀ ਪੰਜਾਬ ਭਾਜਪਾ ਲਈ ਅਕਾਲੀ ਦਲ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਆਪਣਾ ਸਿਆਸੀ ਆਧਾਰ ਬਚਾਉਣ ਲਈ ਮੁਸੀਬਤ ਵੀ ਦੁਗਣੀ ਬਣ ਚੁੱਕੀ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਤੇ ਭਾਜਪਾ ਸੀਨੀਅਰ ਆਗੂ ਸੁਰਜੀਤ ਜਿਆਨੀ ਨੇ ਕਿਹਾ ਕਿ ਸਰਦਾਰਾ ਸਿੰਘ ਜੌਹਲ ਜਿਨ੍ਹਾਂ ਦੀ ਖੇਤੀਬਾੜੀ ਨੂੰ ਬਹੁਤ ਵੱਡੀ ਦੇਣ ਹੈ। ਬਾਕੀ ਸਰਦਾਰਾ ਸਿੰਘ ਜੌਹਲ ਦੇ ਨਾਂਅ ਤੋਂ ਬਾਅਦ ਕੁੱਝ ਵੀ ਕਹਿਣ ਦੀ ਜ਼ਰੂਰਤ ਨਹੀਂ। ਉਨ੍ਹਾਂ ਨੇ ਖੇਤੀਬਾੜੀ ਲਈ ਬਹੁਤ ਹੀ ਉਪਰਾਲੇ ਕੀਤੇ ਹਨ। ਜਿਆਨੀ ਨੇ ਕਿਹਾ ਕਿ ਕੁੱਝ ਸ਼ਰਾਰਤੀ ਲੋਕ ਜਾਣਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਸਿਆਸੀ ਪਾਰਟੀਆਂ ਵੀ ਆਪਣੀਆਂ ਵੋਟਾਂ ਖ਼ਾਤਰ ਇਹ ਡਰਾਮਾ ਕਰ ਰਹੀਆਂ ਹਨ।
ਜਿਆਨੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕੰਟਰੈਕਟ ਫ਼ਾਰਮਿੰਗ ਟੈਸਟ ਨੂੰ ਪਾਸ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੇਂਦਰ ਸਰਕਾਰ ਕੋਈ ਰਿਫ਼ੋਰਮ ਜਾਂ ਬਿੱਲ ਲਿਆਉਂਦੀ ਹੈ ਤਾਂ ਸੂਬੇ ਦੇ ਮੁੱਖ ਮੰਤਰੀਆਂ ਨੂੰ ਪੁੱਛਿਆ ਜਾਂਦਾ ਅਤੇ ਇਸ ਵਿੱਚ ਕੋਈ ਵੀ ਜਲਦਬਾਜ਼ੀ ਨਹੀਂ ਕੀਤੀ ਗਈ।
ਸੁਰਜੀਤ ਜਿਆਨੀ ਨੇ ਕਾਂਗਰਸ ਸਰਕਾਰ ਉੱਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜੇ 70 ਸਾਲਾਂ ਤੋਂ ਕਿਸਾਨੀ ਦਾ ਸਿਸਟਮ ਸਹੀ ਹੁੰਦਾ ਤਾਂ ਕਿਸਾਨ ਖੁਦਕੁਸ਼ੀਆਂ ਕਿਉਂ ਕਰਦਾ? ਦੂਸਰੀ ਗੱਲ ਨਰਿੰਦਰ ਮੋਦੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਪੂਰਾ ਕਰ ਰਹੇ ਹਨ, ਇਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਨਵੇਂ ਖੇਤੀਬਾੜੀ ਸੁਧਾਰ ਬਿੱਲ ਲਿਆ ਕੇ ਹੀ ਕਾਨੂੰਨ ਬਣਾਏ ਗਏ ਹਨ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਲਈ ਕਿਸਾਨਾਂ ਨੂੰ ਨਿੱਜੀ ਸਕੱਤਰ ਵੱਲੋਂ ਪ੍ਰੋਟੋਕੋਲ ਮੁਤਾਬਕ ਪੱਤਰ ਭੇਜਿਆ ਗਿਆ ਸੀ, ਪਰ ਹੁਣ ਕਿਸਾਨਾਂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਸੱਦਾ ਪੱਤਰ ਭੇਜਿਆ ਜਾਵੇਗਾ।
ਭਾਜਪਾ ਕਿਸਾਨ ਹਿਤੈਸ਼ੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਵੀ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦੇਣਗੇ ਅਤੇ ਦੋ-ਤਿੰਨ ਦਿਨਾਂ ਵਿੱਚ ਖੇਤੀਬਾੜੀ ਮੰਤਰਾਲੇ ਵੱਲੋਂ ਕਿਸਾਨਾਂ ਨੂੰ ਸੱਦੇ ਪੱਤਰ ਲਈ ਚਿੱਠੀ ਆ ਜਾਵੇਗੀ ਤੇ ਜਲਦ ਹੀ ਕਿਸਾਨਾਂ ਨਾਲ ਮੁਲਾਕਾਤ ਕਰ ਦਿੱਲੀ ਵਿਖੇ ਕਿਸਾਨਾਂ ਦੀ ਬੈਠਕ ਕਰਵਾਈ ਜਾਵੇਗੀ।