ਮੋਹਾਲੀ: ਐਤਵਾਰ ਤੜਕੇ ਸੈਕਟਰ 70-71 ਦੀਆਂ ਲਾਲ ਬੱਤੀਆਂ ਲਾਗੇ ਇੱਕ ਆਟੋ-ਰਿਕਸ਼ਾ ਅਤੇ ਕਾਰ ਵਿੱਚ ਭਿਆਨਕ ਟੱਕਰ ਹੋਈ। ਇਸ ਟੱਕਰ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਤੇ 7 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਤੋਂ ਇੱਕ ਦੀ ਹਾਲਾਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਤਕਰੀਬਨ ਸਵੇਰੇ 7 ਵਜੇ ਸੈਕਟਰ 17 ਸਾਈਡ ਤੋਂ ਆ ਰਹੇ ਓਵਰਲੋਡ ਆਟੋ ਦੀ 8 ਫੇਜ਼ ਸਾਈਡ ਤੋਂ ਤੇਜ ਰਫਤਾਰ ਨਾਲ ਆ ਰਹੀ ਬਰੀਜ਼ਾ ਗੱਡੀ ਦੀ ਲਾਈਟਾਂ ਪਾਰ ਕਰਦੇ ਸਮੇਂ ਚੌਰਾਹੇ 'ਤੇ ਟੱਕਰ ਹੋ ਗਈ।
ਇਹ ਭਿੜਤ ਇੰਨੀ ਭਿਆਨਕ ਸੀ ਕਿ ਬਰੀਜ਼ਾ ਗੱਡੀ ਆਟੋ ਨੂੰ ਦੂਰ ਤੱਕ ਆਪਣੇ ਨਾਲ ਘੜੀਸਦੀ ਲੈ ਗਈ ਅਤੇ ਆਟੋ ਸਵਾਰ ਕੇ ਦੂਰ ਜਾ ਡਿੱਗਿਆ ਜਿਸ ਕਰਕੇ 11 ਆਟੋ ਸਵਾਰ ਵਿੱਚੋਂ 4 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਹਾਲਾਂਕਿ ਕਿ ਕਾਰ ਸਵਾਰ ਵਿਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਣਯੋਗ ਹੈ ਕਿ ਇੱਕ ਆਟੋ ਸਵਾਰ ਦੀ ਪਛਾਣ ਬਿਹਾਰ ਨਿਵਾਸੀ ਦੇ ਤੌਰ 'ਤੇ ਹੋਈ ਹੈ ਜੋ ਇੱਥੇ ਕੰਮ ਦੀ ਭਾਲ ਵਿੱਚ ਐਤਵਾਰ ਸਵੇਰੇ ਹੀ ਬਿਹਾਰ ਤੋਂ ਚੰਡੀਗੜ੍ਹ ਆਇਆ ਸੀ।
ਦੂਜੇ ਪਾਸੇ ਗੱਡੀ ਚਾਲਕ ਸ਼ਿਮਲਾ ਤੋਂ ਆਏ ਸਨ ਅਤੇ ਮੋਗਾ ਵੱਲ ਜਾ ਰਹੇ ਸੀ। ਇਸ ਘਟਨਾ ਦੌਰਾਨ ਆਟੋ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਤੋਂ ਬਾਅਦ ਖ਼ਤਰੇ ਤੋਂ ਬਾਹਰ ਦੱਸਿਆ ਜ਼ਾ ਰਿਹਾ ਹੈ। ਪੁਲਿਸ ਵੱਲੋਂ ਗੱਡੀ ਦੇ ਡਰਾਈਵਰ ਖਿਲਾਫ 304 ਅਤੇ ਹੋਰ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਪੁਲਿਸ ਵੱਲੋਂ ਆਟੋ ਰਿਕਸ਼ਾ ਦੇ ਓਵਰਲੋਡ ਹੋਣ ਬਾਰੇ ਵੀ ਤਫ਼ਤੀਸ਼ ਕੀਤੀ ਜਾਰੀ ਹੈ।