ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੂਬੇ ਦੇ ਦਾਨੀ ਪੁਰਸ਼ਾਂ ਖਾਸ ਕਰ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀਆਂ ਗਊਸ਼ਾਲਾਵਾਂ ਵਿਚ ਲੋਂੜੀਦਾ ਹਰਾ ਚਾਰਾ, ਤੂੜੀ ਅਤੇ ਹੋਰ ਖ਼ੁਰਾਕੀ ਵਸਤਾਂ ਪਹੁੰਚਾਉਣ ਲਈ ਅੱਗੇ ਆਉਣ ਤਾਂ ਕਿ ਕਿਸੇ ਵੀ ਗਉਸ਼ਾਲਾ ਵਿਚ ਕੋਈ ਪਸ਼ੂ ਭੁੱਖਾ ਨਾ ਮਰੇ। ਉਨ੍ਹਾਂ ਕਿਹਾ ਕਿ ਇਸ ਅਤਿਅੰਤ ਸੰਕਟ ਦੀ ਘੜੀ ਵਿਚ ਸਾਡਾ ਸਭ ਦਾ ਇਹ ਪਰਮ ਧਰਮ ਹੈ ਕਿ ਗਊਆਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਕਿਰਤ ਕਮਾਈ ਵਿਚੋਂ ਕੁਝ ਨਾ ਕੁਝ ਜਰੂਰ ਦੇਈਏ।
ਬਾਜਵਾ ਨੇ ਕਿਹਾ ਕਿ ਸੂਬੇ ਦੇ ਕਈ ਥਾਵਾਂ ਤੋਂ ਇਹ ਰਿਪੋਰਟਾਂ ਮਿਲ ਰਹੀਆਂ ਹਨ ਕਿ ਗਊਸ਼ਾਲਾਵਾਂ ਵਿਚ ਲੋਂੜੀਦਾ ਹਰਾ ਚਾਰਾ ਨਹੀਂ ਪਹੁੰਚ ਰਿਹਾ ਅਤੇ ਪਹਿਲਾਂ ਤੋਂ ਭੰਡਾਰ ਕੀਤੀ ਗਈ ਤੂੜੀ ਵੀ ਮੁੱਕ ਗਈ ਹੈ। ਉਨ੍ਹਾਂ ਗਊਸ਼ਾਲਾਵਾਂ ਦਾ ਹੋਰ ਵੀ ਮਾੜਾ ਹਾਲ ਹੈ ਜਿਹੜੀਆਂ ਸਿਰਫ਼ ਦਾਨੀਆਂ ਵਲੋਂ ਦਿੱਤੇ ਗਏ ਦਾਨ ਦੇ ਸਹਾਰੇ ਹੀ ਚੱਲਦੀਆਂ ਹਨ। ਸੂਬੇ ਵਿਚ ਕਰਫਿਊ ਲੱਗਿਆ ਹੋਣ ਕਾਰਨ ਸ਼ਰਧਾਲੂ ਅਤੇ ਗਊ ਭਗਤ ਦਾਨ ਕਰਨ ਲਈ ਗਊਸ਼ਾਲਾਵਾਂ ਵਿਚ ਨਹੀਂ ਜਾ ਸਕਦੇ ਜਿਸ ਦੇ ਸਿੱਟੇ ਵਜੋਂ ਗਊਆਂ ਭੁੱਖੀਆਂ ਮਰਨ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਕਈ ਥਾਵਾਂ ਉੱਤੇ ਪ੍ਰਬੰਧਕਾਂ ਨੇ ਗਊਸ਼ਾਲਾਵਾਂ ਦੇ ਗੇਟ ਖੋਲ੍ਹ ਕੇ ਗਊਆਂ ਬਾਹਰ ਕੱਢ ਦਿੱਤੀਆਂ ਹਨ।
ਪੰਜਾਬੀਆਂ ਨੂੰ ਉਨ੍ਹਾਂ ਦਾ ਵਿਰਸਾ ਯਾਦ ਕਰਾਉਂਦਿਆਂ ਬਾਜਵਾ ਨੇ ਕਿਹਾ ਕਿ ਪੰਜਾਬੀ ਗਊ-ਗਰੀਬ ਦੀ ਰੱਖਿਆ ਲਈ ਹਮੇਸ਼ਾ ਹੀ ਮੋਹਰੀ ਰਹੇ ਹਨ। ਪੰਜਾਬੀਆਂ ਖਾਸ ਕਰ ਕੇ ਸਿੱਖਾਂ ਨੇ ਗਊਆਂ ਦੀ ਰੱਖਿਆ ਲਈ ਲਹੂ ਡੋਲਵੇਂ ਸੰਘਰਸ਼ ਵੀ ਲੜੇ ਹਨ। ਇਸ ਲਈ ਹੁਣ ਉਨ੍ਹਾਂ ਨੂੰ ਗਊਆਂ ਨੂੰ ਭੁੱਖੀਆਂ ਮਰਨ ਲਈ ਨਹੀਂ ਛੱਡਣਾ ਚਾਹੀਦਾ ਅਤੇ ਹਰ ਹਾਲ ਵਿਚ ਚਾਰਾ ਅਤੇ ਤੂੜੀ ਗਊਸ਼ਾਲਾਵਾਂ ਵਿਚ ਪਹੁੰਚਾਉਣ ਦਾ ਪ੍ਰਬੰਧ ਕਰਚਾ ਚਾਹੀਦਾ ਹੈ।
ਉਨ੍ਹਾਂ ਜ਼ਿਲਿਆਂ ਦੇ ਸਿਵਲ ਪ੍ਰਸ਼ਾਸ਼ਨ ਨੂੰ ਵੀ ਕਿਹਾ ਕਿ ਉਹ ਆਪਣੇ ਆਪਣੇ ਜ਼ਿਲਿਆਂ ਵਿਚ ਸਥਿਤ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕਰਵਾ ਕੇ ਇਨ੍ਹਾਂ ਗਊਸ਼ਾਲਾਵਾਂ ਚਿਣ ਚਾਰਾ ਪਹੁੰਚਦਾ ਯਕੀਨੀ ਬਣਾਉਣ।
ਪੰਚਾਇਤ ਮੰਤਰੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਨੂੰ ਹਰ ਜ਼ਿਲੇ ਵਿਚ ਇਸ ਕਾਰਜ ਲਈ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਪਸ਼ੂ ਪਾਲਣ ਵਿਭਾਗ ਦੀ ਇੱਕ ਸਾਂਝੀ ਕਮੇਟੀ ਬਣਾ ਕੇ ਇਹ ਕਾਰਜ ਸੰਭਾਲਣਾ ਚਾਹੀਦਾ ਹੈ। ਉਨ੍ਹਾਂ ਆਪਣੇ ਅਧੀਨ ਪਸ਼ੂ ਪਾਲਣ ਮਹਿਕਮੇ ਦੇ ਜ਼ਿਲਾ ਅਧਿਕਾਰੀਆਂ ਨੂੰ ਵੀ ਹਿਦਾਇਤ ਕੀਤੀ ਕਿ ਉਹ ਆਪਣੇ ਜ਼ਿਲੇ ਦੀ ਹਰ ਗਊਸ਼ਾਲਾ ਵਿਚ ਡਾਕਟਰੀ ਸਹੂਲਤਾਂ ਮਿਲਦੀਆਂ ਰਹਿਣ ਨੂੰ ਵੀ ਯਕੀਨੀ ਬਣਾਉਣ।