ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਸੰਤ ਨਿਰੰਕਾਰੀ ਭਵਨ ਦੇ ਮੁਖੀ ਓਮਕਾਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੰਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਦੇ ਮਾਮਲੇ 'ਚ ਮੁਖੀ ਓਮਕਾਰ ਸਿੰਘ ਨੂੰ ਮੁਲਜ਼ਮ ਅਵਤਾਰ ਸਿੰਘ ਦੇ ਹੱਕ ਵਿੱਚ ਗਵਾਹੀ ਦੇਣ ਲਈ ਕਿਹਾ ਗਿਆ ਹੈ। ਓਮਕਾਰ ਸਿੰਘ ਨੂੰ ਇਹ ਧਮਕੀ ਉਨ੍ਹਾਂ ਦੇ ਪੁੱਤਰ ਦੇ ਫੋਨ 'ਤੇ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਸੰਤ ਨਿਰੰਕਾਰੀ ਭਵਨ ਦੇ ਮੁਖੀ ਨੇ ਥਾਣਾ ਰਾਜਾਸਾਂਸੀ ਵਿੱਚ ਮਾਮਲਾ ਦਰਜ ਕਰਵਾਇਆ ਹੈ।
ਧਮਕੀ ਤੋਂ ਬਾਅਦ ਸੁਰੱਖਿਆ ਲਈ ਅਧਿਕਾਰੀ ਤਾਇਨਾਤ: ਓਮਕਾਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਉਸ ਨਾਲ ਇੱਕ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ ਅਤੇ ਹੁਣ ਪੁਲਿਸ ਸੁਰੱਖਿਆ ਲਈ ਸੈਸ਼ਨ ਜੱਜ ਕੋਲ ਜਾ ਰਹੀ ਹੈ। ਸ਼ਿਕਾਇਤ ਵਿੱਚ ਓਮਕਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦਰਬਾਰੀ ਲਾਲ ਦੀ ਅਦਾਲਤ ਵਿੱਚ ਚੱਲ ਰਹੀ ਹੈ। ਜਿਸ ਵਿੱਚ ਉਸਦੀ ਗਵਾਹੀ ਲਈ 20 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ।
ਗਵਾਹੀ ਤੋਂ 2 ਦਿਨ ਪਹਿਲਾਂ ਮਿਲੀ ਧਮਕੀ: ਓਮਕਾਰ ਸਿੰਘ ਨੇ ਦੱਸਿਆ ਕਿ ਗਵਾਹੀ ਤੋਂ ਦੋ ਦਿਨ ਪਹਿਲਾਂ 17 ਦਸੰਬਰ ਨੂੰ ਉਸ ਦੇ ਪੁੱਤਰ ਗੁਰਪਿਆਰ ਸਿੰਘ ਨੂੰ ਪੰਜ ਵੱਖ-ਵੱਖ ਨੰਬਰਾਂ ਤੋਂ ਫੋਨ ਆਇਆ ਸੀ। ਜਦੋਂ ਉਸ ਨੇ ਫੋਨ ਚੁੱਕਿਆ ਤਾਂ ਦੂਜੇ ਪਾਸੇ ਮੌਜੂਦ ਵਿਅਕਤੀ ਨੇ ਧਮਕੀ ਦਿੱਤੀ ਕਿ ਉਸ ਦੇ ਪਿਤਾ ਓਮਕਾਰ ਸਿੰਘ ਨੂੰ ਬਲਾਸਟ ਕੇਸ ਵਿੱਚ ਗਵਾਹੀ ਨਾ ਦੇਣ, ਜੇਕਰ ਗਵਾਹੀ ਦੇਣੀ ਹੀ ਹੈ ਤਾਂ ਮੁਲਜ਼ਮ ਅਵਤਾਰ ਸਿੰਘ ਦੇ ਹੱਕ ਵਿੱਚ ਦੇਣ ਲਈ ਤਾਂ ਅੰਜ਼ਾਮ ਮਾੜਾ ਹੋਵੇਗਾ।
ਪੁਲਿਸ ਨੂੰ ਦਿੱਤੇ ਸਬੂਤ: ਪੀੜਤ ਪਰਿਵਾਰ ਨੇ ਕਾਲ ਦੀ ਰਿਕਾਰਡਿੰਗ ਪੁਲੀਸ ਨੂੰ ਭੇਜ ਦਿੱਤੀ ਹੈ। ਜਿਸ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
2018 ਵਿੱਚ ਹੋਇਆ ਸੀ ਧਮਾਕਾ: ਦੱਸ ਦਈਏ ਕਿ 18 ਨਵੰਬਰ 2018 ਨੂੰ ਅਦਲੀਵਾਲ ਰੋਡ 'ਤੇ ਸਥਿਤ ਨਿਰੰਕਾਰੀ ਭਵਨ ਦੇ ਬਾਹਰ ਗ੍ਰੇਨੇਡ ਹਮਲਾ ਹੋਇਆ ਸੀ। ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 26 ਲੋਕ ਜ਼ਖਮੀ ਹੋ ਗਏ। ਇਸ ਮਾਮਲੇ ਵਿੱਚ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਅਵਤਾਰ ਸਿੰਘ ਅਤੇ ਵਿਕਰਮਜੀਤ ਸਿੰਘ ਹਨ। ਜਦਕਿ 3 ਹੋਰ ਭਗੌੜੇ ਮੁਲਜ਼ਮ ਹਰਮੀਤ ਸਿੰਘ ਪੀ.ਐਚ.ਡੀ., ਲਖਬੀਰ ਸਿੰਘ ਰੋਡੇ, ਪਰਮਜੀਤ ਸਿੰਘ ਲਾਲੀ ਅਤੇ ਜਾਵੇਦ ਵਿਦੇਸ਼ ਵਿੱਚ ਹਨ।