ਚੰਡੀਗੜ੍ਹ : ਪੁਲਿਸ ਦੀ ਗ੍ਰਿਫਤ ਤੋਂ ਦੂਰ ਅਤੇ ਭਗੌੜਾ ਕਰਾਰ ਦਿੱਤਾ ਗਿਆ ਅੰਮ੍ਰਿਤਪਾਲ ਸਿੰਘ ਆਖਿਰ ਸਾਹਮਣੇ ਆ ਹੀ ਗਿਆ। ਅੰਮ੍ਰਿਤਪਾਲ ਸਿੰਘ ਵਲੋਂ ਲਾਈਵ ਕੇ ਆਪਣੀ ਗੱਲ ਰੱਖੀ ਗਈ ਹੈ। ਅੰਮ੍ਰਿਤਪਾਲ ਦਾ ਵੀਡੀਓ ਸੰਦੇਸ਼ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਉਸਨੇ ਕਿਹਾ ਕਿ ਮੇਰੀ ਗ੍ਰਿਫਤਾਰੀ ਦਾ ਮਸਲਾ ਵੱਡਾ ਨਹੀਂ, ਸਗੋਂ ਸਿੱਖ ਕੌਮ ਉੱਤੇ ਹੋਏ ਹਮਲੇ ਦਾ ਮਾਮਲਾ ਸਭ ਤੋਂ ਜ਼ਿਆਦਾ ਵੱਡਾ ਹੈ। ਉਸਨੇ ਕਿਹਾ ਕਿ ਜੇਕਰ ਸਰਕਾਰ ਦਾ ਉਦੇਸ਼ ਸਿਰਫ ਮੈਨੂੰ ਗ੍ਰਿਫਤਾਰ ਕਰਨਾ ਹੁੰਦਾ ਤਾਂ ਸਾਨੂੰ ਸਾਰਿਆਂ ਨੂੰ ਘਰੋਂ ਆ ਕੇ ਗ੍ਰਿਫਤਾਰ ਕਰਦੇ ਪਰ ਜਦੋਂ ਇੰਟਰਨੈੱਟ ਬੰਦ ਹੋ ਗਿਆ ਤਾਂ ਸਿੱਖ ਸੰਗਤ ਨਾਲ ਕੋਈ ਰਾਬਤਾ ਨਹੀਂ ਰੱਖਿਆ ਜਾ ਸਕਿਆ। ਅੰਮ੍ਰਿਤਪਾਲ ਸਿੰਘ ਨੇ ਇਸ ਵੀਡੀਓ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਲੰਘੇ ਕੱਲ੍ਹ ਹੋਈ ਮੀਟਿੰਗ ਦਾ ਉਚੇਚਾ ਜਿਕਰ ਕੀਤਾ ਹੈ।
ਸਰਕਾਰ ਨੇ ਜਥੇਦਾਰ ਨੂੰ ਟਿੱਚਰ ਕੀਤੀ : ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਹੁਣ ਜੁਲਮ ਦੀਆਂ ਹੱਦਾਂ ਟੱਪ ਚੁੱਕੀ ਹੈ। ਇਸ ਹਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਮੈਨੂੰ ਗ੍ਰਿਫਤਾਰੀ ਦੇਣ ਤੋਂ ਕਦੇ ਡਰ ਨਹੀਂ ਲੱਗਿਆ ਹੈ। ਉਸਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਮੀਟਿੰਗ ਸੱਦ ਕੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ, ਉਸ ਉੱਤੇ ਵੀ ਸਰਕਾਰ ਨੇ ਜਥੇਦਾਰ ਨੂੰ ਟਵੀਟ ਕਰਕੇ ਟਿੱਚਰ ਕੀਤੀ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਸਰਕਾਰ ਦਾ ਇਹ ਬਹੁਤ ਹੀ ਨਿਗੂਣਾ ਕੰਮ ਹੈ। ਸਾਡੀ ਕੌਮ ਛੋਟੇ-ਛੋਟੇ ਮੋਰਚੇ ਲਾ ਕੇ ਬੈਠੀ ਹੈ। ਬਹੁਤ ਸਾਰੇ ਬੇਕਸੂਰੇ ਲੋਕਾਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਗਿਆ ਹੈ, ਪਰ ਇਸਦੇ ਖਿਲਾਫ ਆਵਾਜ ਵੀ ਚੁੱਕਣੀ ਵੀ ਹੁਣ ਜ਼ਰੂਰੀ ਹੈ।
ਇਹ ਵੀ ਪੜ੍ਹੋ : Transfers of IPS and PPS officers: ਪੰਜਾਬ ਸਰਕਾਰ ਵੱਲੋਂ ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ
ਪੰਜਾਬ ਦੇ ਲੋਕ ਬਣਨ ਸਰਬੱਤ ਖਾਲਸਾ ਦਾ ਹਿੱਸਾ: ਅੰਮ੍ਰਿਤਪਾਲ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਹਕੂਮਤ ਨੇ ਡਰ ਪੈਦਾ ਕੀਤਾ ਹੈ। ਜਥੇਦਾਰ ਨੂੰ ਆਪ ਅੱਗੇ ਆ ਕੇ ਵਿਸਾਖੀ ਮੌਕੇ ਸਰਬੱਤ ਖਾਲਸਾ ਦੀ ਸੱਦਣਾ ਚਾਹੀਦਾ ਹੈ ਅਤੇ ਇਸਦੀ ਅਗੁਵਾਈ ਕਰਨੀ ਚਾਹੀਦੀ ਹੈ। ਉਸਨੇ ਕਿਹਾ ਕਿ ਜੇ ਪੰਜਾਬ ਦੀ ਜਵਾਨੀ ਬਚਾਉਣੀ ਹੈ ਤਾਂ ਇਸ ਸਰਬੱਤ ਦਾ ਸਾਰਿਆਂ ਨੂੰ ਹਿੱਸਾ ਬਣਨਾ ਚਾਹੀਦਾ ਹੈ। ਮੈਂ ਚੜ੍ਹਦੀ ਕਲਾ ਵਿੱਚ ਹਾਂ ਤੇ ਮੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ।
ਅਜਨਾਲਾ ਕਾਂਡ ਅਤੇ ਅੰਮ੍ਰਿਤਪਾਲ ਸਿੰਘ ਫਰਾਰ : ਦਰਅਸਲ ਅੰਮ੍ਰਿਤਪਾਲ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਬਿਆਨਾਂ ਅਤੇ ਗਤੀਵਿਧੀਆਂ ਕਾਰਨ ਪੁਲਿਸ ਤੇ ਪੰਜਾਬ ਸਰਕਾਰ ਸਣੇ ਕੇਂਦਰ ਦੇ ਨਿਸ਼ਾਨੇ ਉੱਤੇ ਸੀ। ਮਸਲਾ ਅਜਨਾਲਾ ਕਾਂਡ ਤੋਂ ਵਿਗੜਿਆ ਅਤੇ ਇਹ ਵੀ ਦੱਸ ਦਈਏ ਕਿ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਨੇ ਅਜਨਾਲਾ ਵਿੱਚ ਆਪਣੇ ਸਾਥੀ ਤੂਫਾਨ ਸਿੰਘ ਦੀ ਰਿਹਾਈ ਲਈ ਅਜਨਾਲਾ ਥਾਣਾ ਉੱਤੇ ਹਮਲਾ ਕੀਤੀ ਸੀ ਅਤੇ ਥਾਣੇ ਵਿੱਚ ਤਾਇਨਾਤ ਪੁਲਿਸ ਦੇ ਕਈ ਮੁਲਾਜ਼ਮਾਂ ਨੂੰ ਘੰਬੀਰ ਜ਼ਖ਼ਮੀ ਵੀ ਕਰ ਦਿੱਤਾ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਥਾਣੇ ਅੰਦਰ ਪ੍ਰਵੇਸ਼ ਕੀਤੀ ਅਤੇ ਪੁਲਿਸ ਨੂੰ ਧਮਕਾ ਕੇ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਕਰਵਾਈ ਸੀ। ਇਸ ਕਾਂਢ ਤੋਂ ਮਗਰੋਂ ਅੰਮ੍ਰਿਤਪਾਲ ਪੂਰੇ ਦੇਸ਼ ਦੀਆਂ ਸੁਰਖੀਆਂ ਬਣਿਆ ਸੀ। ਪਰ ਦੂਜੇ ਪਾਸੇ ਅਜਨਾਲਾ ਕਾਂਡ ਵੇਲੇ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਉੱਤੇ ਕਾਰਵਾਈ ਨਾ ਕਰਨ ਉੱਤੇ ਵੀ ਸਵਾਲ ਉੱਠੇ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ 18 ਮਾਰਚ ਨੂੰ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਕਾਰਵਾਈ ਕੀਤੀ ਗਈ ਤਾਂ ਪੁਲਿਸ ਦੇ ਦੱਸੇ ਮੁਤਾਬਿਕ ਅੰਮ੍ਰਿਤਪਾਲ ਸਿੰਘ ਫਰਾਰ ਹੋ ਗਿਆ ਪਰ ਉਸਦੇ ਕਈ ਸਾਥੀ ਕਾਬੂ ਆ ਗਏ। ਇਸ ਤੋਂ ਬਾਅਦ ਲਗਾਤਾਰ ਅੰਮ੍ਰਿਤਪਾਲ ਦੀ ਭਾਲ ਕੀਤੀ ਗਈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਹੈ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੀਆਂ ਕਈ ਸੀਸੀਟੀਵੀ ਫੁਟੇਜ ਵਾਲੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਇਸ ਨਾਲ ਅੰਦਾਜੇ ਲੱਗਦੇ ਰਹੇ ਕਿ ਅੰਮ੍ਰਿਤਪਾਲ ਪੰਜਾਬ, ਹਰਿਆਣਾ ਦੇ ਕਈ ਇਲਾਕਿਆਂ ਵਿੱਚ ਰੁਕਿਆ ਹੈ।
ਜਥੇਦਾਰ ਨੇ ਵੀ ਕੀਤੀ ਸੀ ਅੰਮ੍ਰਿਤਪਾਲ ਨੂੰ ਅਪੀਲ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਕੱਲ੍ਹ ਕੀਤੀ ਗਈ ਬੁੱਧੀਜੀਵੀਆਂ ਨਾਲ ਮੀਟਿੰਗ ਦੌਰਾਨ ਵੀ ਅਪੀਲ ਕੀਤੀ ਗਈ ਸੀ ਕਿ ਅੰਮ੍ਰਿਤਪਾਲ ਸਿੰਘ ਜਿੱਥੇ ਕਿਤੇ ਵੀ ਹੈ, ਪੇਸ਼ ਹੋ ਕੇ ਸਰਕਾਰ ਤੇ ਕੌਮ ਨੂੰ ਆਪਣਾ ਪੱਖ ਤੇ ਸਪਸ਼ਟੀਕਰਨ ਰੱਖੇ।