ਚੰਡੀਗੜ੍ਹ (ਡੈਸਕ) : ਕੇਂਦਰ ਸਰਕਾਰ ਨੂੰ ਸੱਤਾ ਵਿੱਚ ਆਇਆਂ 9 ਸਾਲ ਹੋ ਗਏ ਹਨ ਅਤੇ ਇਸੇ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਵਲੋਂ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਜੇਪੀ ਨੱਡਾ 14 ਜੂਨ ਨੂੰ ਹੁਸ਼ਿਆਰਪੁਰ ਵਿੱਚ ਰੈਲੀ ਕਰ ਰਹੇ ਹਨ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 18 ਜੂਨ ਨੂੰ ਗੁਰਦਾਸਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨਗੇ। ਜਾਣਕਾਰੀ ਮੁਤਾਬਿਕ ਕੇਂਦਰ ਦੇ 9 ਸਾਲ ਪੂਰੇ ਹੋਣ ਦੀ ਸੰਬੰਧ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ 9 ਸਾਲਾਂ ਨੂੰ ਲੈ ਕੇ ਕਈ ਥਾਂ ਰੈਲੀਆਂ ਕਰਕੇ ਲੋਕਾਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ 25 ਮਈ ਨੂੰ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕ ਮੀਟਿੰਗ ਕੀਤੀ ਸੀ, ਜਿਸ ਵਿਚ ਉਨ੍ਹਾਂ ਪਾਰਟੀ ਦੇ ਤਿੰਨ ਮਹੀਨਿਆਂ ਦੇ ਕੰਮਾਂ ਬਾਰੇ ਅਤੇ ਸਟੇਟ ਦੇ ਕੰਮਾਂ ਬਾਰੇ ਵਿਚਾਰ ਕੀਤੀ ਗਈ। ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਤੋਂ ਦੇਸ਼ ਵਿੱਚ ਮੋਦੀ ਸਰਕਾਰ ਬਣੀ ਹੈ, 9 ਸਾਲਾਂ ਵਿੱਚ ਮੋਦੀ ਸਰਕਾਰ ਨੇ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਦੇ ਕੰਮਾਂ ਬਾਰੇ ਦੇਸ਼ ਵਾਸੀਆਂ ਨੂੰ ਦੱਸਣ ਲਈ ਭਾਜਪਾ ਵੱਲੋਂ 30 ਮਈ ਤੋਂ ਲੈ ਕੇ 30 ਜੂਨ ਤੱਕ ਇੱਕ ਅਭਿਆਨ ਸ਼ੁਰੂ ਕੀਤਾ ਜਾ ਰਿਹਾ, ਜਿਸ ਵਿੱਚ ਦੇਸ਼ ਵਾਸੀਆਂ ਨੂੰ ਮੋਦੀ ਸਰਕਾਰ ਦੇ ਕੰਮਾਂ ਬਾਰੇ ਦੱਸਿਆ ਜਾਵੇਗਾ ਅਤੇ ਉਸੇ ਅਭਿਆਨ ਦੀ ਸ਼ੁਰੂਆਤ ਦੇ ਲਈ ਅੱਜ ਉਹ ਵਰਕਰਾਂ ਕੋਲ ਪਹੁੰਚੇ ਹਨ। ਯਾਦ ਰਹੇ ਕਿ ਪੰਜਾਬ ਦੀ ਸਿਆਸਤ ਫਤਿਹ ਕਰਨ ਲਈ ਲਗਾਤਾਰ ਭਾਜਪਾ ਕਾਰਜਸ਼ੀਲ ਹੈ।