ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਸਰੂਪਾਂ ਨੂੰ ਲੈ ਕੇ ਅਕਾਲੀ ਦਲ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਜਾ ਰਿਹਾ ਹੈ, ਜਿਸ ਦਾ ਫ਼ੈਸਲਾ ਅਕਾਲੀ ਦੀ ਕੋਰ ਕਮੇਟੀ ਵਿੱਚ ਕੀਤਾ ਗਿਆ।
ਦੱਸ ਦਈਏ ਕਿ ਨਾਭਾ ਦੇ ਨੇੜੇ ਪਿੰਡ ਕਲਿਆਣ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋ ਗਏ ਸਨ, ਜਿਹੜੇ ਕਿ ਹਾਲੇ ਤੱਕ ਵੀ ਨਹੀਂ ਮਿਲੇ।
ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸੇ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 7 ਅਗਸਤ ਨੂੰ ਐੱਸ.ਐੱਸ.ਪੀ ਦਫ਼ਤਰ ਮੂਹਰੇ ਧਰਨਾ ਦੇਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਦੋਸ਼ੀ ਗ੍ਰਿਫ਼ਤਾਰ ਨਹੀਂ ਹੋ ਜਾਂਦੇ, ਉਦੋਂ ਤੱਕ ਮੋਰਚਾ ਜਾਰੀ ਰਹੇਗਾ ਅਤੇ ਹਰ ਰੋਜ਼ ਵੱਖ-ਵੱਖ ਮੈਂਬਰ ਧਰਨਾ ਦੇਣਗੇ।
ਦਲਜੀਤ ਚੀਮਾ ਨੇ ਜਾਣਕਾਰੀ ਦਿੰਦਿਆ ਇਹ ਵੀ ਕਿਹਾ ਕਿ ਵੀਰਵਾਰ ਨੂੰ ਸ਼ਾਮ ਨੂੰ ਸੁਖਬੀਰ ਬਾਦਲ 5 ਵਜੇ ਰਾਜਪਾਲ ਵੀਪੀ ਸਿੰਘ ਬਦਨੋਰ ਨੂੰ ਮਿਲਣਗੇ ਤੇ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇਣ ਦੀ ਮੰਗ ਕਰਨਗੇ।
ਚੀਮਾ ਨੇ ਦੱਸਿਆ ਕਿ 8,9,10 ਅਤੇ 11 ਅਗਸਤ ਨੂੰ ਪਾਰਟੀ ਦਾ ਇੱਕ ਨੁਮਾਇੰਦਾ ਰਾਜ ਭਵਨ ਬਾਹਰ ਵੀ ਧਰਨੇ ਉੱਤੇ ਬੈਠਣਗੇ ਅਤੇ ਇੱਕ ਦਿਨ ਦਿੱਲੀ ਜਾ ਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੋਈ ਕਾਰਵਾਈ ਨਾ ਕਰਨ ਨੂੰ ਲੈ ਕੇ ਧਰਨਾ ਦੇਣਗੇ ਤਾਂ ਜੋ ਉਨ੍ਹਾਂ ਨੂੰ ਵੀ ਪਤਾ ਲੱਗੇ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਕਿਵੇਂ ਆਪਣੇ ਮੰਤਰੀਆਂ ਨਾਲ ਮਿਲ ਕੇ ਸੂਬੇ ਦਾ ਨੁਕਸਾਨ ਕਰ ਰਹੀਆਂ ਹਨ।