ਚੰਡੀਗੜ੍ਹ: ਅਕਾਲੀ ਦਲ ਨੇ ਆਨੰਦ ਮੈਰਿਜ ਐਕਟ ਬਾਰੇ ਸੱਦੀ ਮੀਟਿੰਗ ਨੂੰ ਤਮਾਸ਼ਾ ਆਖ ਕੇ ਰੱਦ ਕਰ ਦਿੱਤਾ।ਉਨ੍ਹਾਂ ਆਖਿਆ ਕਿ ਪੰਜਾਬ ਦੀ ਹੰਕਾਰੀ ਸਰਕਾਰ ਵੱਲੋਂ ਸਾਡੇ ਧਾਰਮਿਕ ਮਾਮਲਿਆਂ, ਸਿੱਖ ਮਰਿਆਦਾ, ਸਿੱਖ ਰਵਾਇਤਾਂ ਤੇ ਪਵਿੱਤਰ ਆਨੰਦ ਕਾਰਜ ਤੇ ਸਿੱਖ ਜੀਵਨਸ਼ੈਲੀ ਸਮੇਤ ਸਿੱਖ ਕੌਮ ਦਾ ਪ੍ਰਤੀਨਿਧ ਹੋਣ ਦਾ ਅਧਿਕਾਰ ਹੜੱਪਣ ਦੀ ਕੋਸ਼ਿਸ਼ ਨੂੰ ਮੁੱਢੋਂ ਹੀ ਰੱਦ ਕਰਦਾ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਨੰਦ ਮੈਰਿਜ ਐਕਟ ਵਿਚ ਸੋਧਾਂ ਦੀ ਸਿਫਾਰਸ਼ ਵਾਸਤੇ ਸੱਦੀ ਮੀਟਿੰਗ ਸਿੱਖਾਂ ਵਿਚ ਉਹਨਾਂ ਦੀਆਂ ਰੋਜ਼ਾਨਾ ਦੀਆਂ ਧਾਰਮਿਕ ਰਵਾਇਤਾਂ ਤੇ ਸਿੱਖ ਜੀਵਨਸ਼ੈਲੀ ਬਾਰੇ ਦੁਬਿਧਾ ਪੈਦਾ ਕਰਨ ਦੀ ਇਕ ਹੋਰ ਸਾਜ਼ਿਸ਼ ਹੈ। ਭਗਵੰਤ ਮਾਨ ਨੂੰ ਗੈਰ ਸਿੱਖ ਅਤੇ ਸਿੱਖ ਵਿਰੋਧੀ ਤਾਕਤਾਂ ਅਤੇ ਦਿੱਲੀ ਵਿੱਚ ਬੈਠੀਆਂ ਤਾਕਤਾਂ ਜੋ ਉਸਦੀ ਵਾਗਡੋਰ ਕੰਟਰੋਲ ਕਰਦੀਆਂ ਹਨ, ਉਨ੍ਹਾਂ ਦੀ ਕਠਪੁਤਲੀ ਵਜੋਂ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ। ਸਿਰਫ ਸਾਡੇ ਸਿੱਖ ਕੌਮ ਦੇ ਚੁਣੇ ਹੋਏ ਧਾਰਮਿਕ ਪ੍ਰਤੀਨਿਧ ਹੀ ਸਾਡੀਆਂ ਸਿੱਖ ਰਵਾਇਤਾਂ ਬਾਰੇ ਕਿਸੇ ਕਾਨੂੰਨ ਜਾਂ ਐਕਟ ਵਿਚ ਸੋਧਾਂ ਦਾ ਸੁਝਾਅ ਦੇਣ ਦਾ ਅਧਿਕਾਰ ਰੱਖਦੇ ਹਨ ਅਤੇ ਸਮਰੱਥ ਹਨ।
ਭਗਵੰਤ ਮਾਨ 'ਤੇ ਨਿਸ਼ਾਨਾ: ਕੀ ਆਪ ਖਾਲਸਾ ਪੰਥ ਦੀ ਪ੍ਰਤੀਨਿਧ ਜਮਾਤ ਹੈ? ਕੀ ਇਹ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਦੀ ਹੈ? ਇਸਨੂੰ ਖਾਲਸਾ ਪੰਥ ਵੱਲੋਂ ਸਾਡੇ ਧਾਰਮਿਕ ਮਾਮਲਿਆਂ ਵਿਚ ਬੋਲਣ ਦਾ ਕੀ ਅਧਿਕਾਰ ਹੈ? ਇਕ ਸਿੱਖ ਵਿਰੋਧੀ ਗੈਰ ਸਿੱਖ ਦੀ ਅਗਵਾਈ ਵਾਲੀ ਪਾਰਟੀ ਨੇ ਸਿੱਖੀ ਨੂੰ ਨਾ ਮੰਨਣ ਵਾਲਾ ਮੁੱਖ ਮੰਤਰੀ ਦਿੱਤਾ ਹੈ ਜੋ ਦਸ਼ਮੇਸ਼ ਪਿਤਾ ਵੱਲੋਂ ਸਾਨੂੰ ਦਿੱਤੇ ਪਵਿੱਤਰ ਕਕਾਰਾਂ ਦਾ ਜਨਤਕ ਤੌਰ ’ਤੇ ਮਖੌਲ ਉਡਾਉਂਦਾ ਹੈ। ਇੰਨਾ ਹੀ ਨਹੀਂ, ਇਸ ਗੈਰਸਿੱਖ ਪਾਰਟੀ ਦਾ ਕੋਈ ਵੀ ਪ੍ਰਤੀਨਿਧ ਸਿੱਖਾਂ ਦੀ ਚੁਣੀ ਹੋਈ ਸਰਵ ਉੱਚ ਸੰਸਥਾ ਸਾਡੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੋਈ ਵੀ ਮੈਂਬਰ ਨਹੀਂ ਹੈ। ਕੀ ਭਗਵੰਤ ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਲੈਣ ਵਾਸਤੇ ਚੋਣਾਂ ਲੜਨ ਜਾਂ ਸੱਚੀ ਸਿੱਖ ਸੰਗਤ ਤੋਂ ਉਹਨਾਂ ਦੀ ਪ੍ਰਤੀਨਿਧਤਾ ਕਰਨ ਦਾ ਫਤਵਾ ਲੈਣ ਦੀ ਯੋਗਤਾ ਪੂਰੀ ਰੱਖਦਾ ਹੈ? ਉਸ ਵੱਲੋਂ ਸੱਦੀਆਂ ’ਪੰਥਕ ਸ਼ਖਸੀਅਤਾਂ’ ਵਿਚੋਂ ਬਹੁ ਗਿਣਤੀ ਨੂੰ ਸਿੱਖ ਕੌਮ ਵਾਰ-ਵਾਰ ਠੁਕਰਾ ਚੁੱਕੀ ਹੈ ਜਦੋਂ ਇਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਖਿਲਾਫ ਲੜਦੇ ਹਨ।
ਮੀਟਿੰਗ ਤਮਾਸ਼ਾ: ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਪ੍ਰਸਾਰਣ ਦੇ ਬਹਾਨੇ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰਨ ਵਿਚ ਨਾਕਾਮ ਰਹਿਣ ਮਗਰੋਂ ਭਗਵੰਤ ਮਾਨ ਦੇ ਸਿੱਖ ਵਿਰੋਧੀ ਆਕਾਵਾਂ ਨੂੰ ਹੁਣ ਇਹ ਨਵੀਂ ਸ਼ਰਾਰਤ ਸੁੱਝੀ ਹੈ। ਉਹਨਾਂ ਕਿਹਾ ਕਿ ਇਸਦੀ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਹੁਣ ਸਿੱਖ ਕੌਮ ਖਿਲਾਫ ਸਾਜ਼ਿਸ਼ਾਂ ਵਿਚ ਧਿਰ ਬਣ ਗਏ ਹਨ ਅਤੇ ਉਹ ਸਿੱਖਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਨਿਧਤਾ ਨਹੀਂ ਕਰਦੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਲੌਤੀ ਸਮਰੱਥ ਸੰਸਥਾ ਹੈ ਜੋ ਨਹਿਰੂ ਮਾਸਟਰ ਤਾਰਾ ਸਿੰਘ ਐਕਟ ਤਹਿਤ ਆਨੰਦ ਕਾਰਜ ਵਰਗੀਆਂ ਧਾਰਮਿਕ ਰਵਾਇਤਾਂ ਅਤੇ ਇਸਦੀ ਸੰਵਿਧਾਨਕ ਵੈਧਤਾ ਦੀ ਪ੍ਰਕਿਿਰਆ ਬਾਰੇ ਸਿਫਾਰਸ਼ਾਂ ਕਰਨ ਦਾ ਅਧਿਕਾਰ ਰੱਖਦੀ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅਰਵਿੰਦ ਕੇਜਰੀਵਾਲ ਦੀਆਂ ਕਠਪੁਤਲੀਆਂ ਵੱਲੋਂ ਸੱਦੀ ਮੀਟਿੰਗ ਨੂੰ ਤਮਾਸ਼ਾ ਮੰਨ ਕੇ ਇਸਨੂੰ ਰੱਦ ਕਰਦੀ ਹੈ।