ਚੰਡੀਗੜ੍ਹ ਡੈਸਕ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਵਿਭਾਗ ਨੇ ਕਰੀਬ 7 ਘੰਟੇ ਪੁੱਛਗਿੱਛ ਕੀਤੀ।ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਦਫਤਰ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
ਮੁਗਲਾਂ ਨਾਲੋਂ ਵੀ ਬਦਤਰ ਪੰਜਾਬ ਸਰਕਾਰ : ਇਸ ਦੌਰਾਨ ਚੰਨੀ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਮੁਗਲਾਂ ਦੀ ਸਰਕਾਰ ਨਾਲੋਂ ਵੀ ਬਦਤਰ ਹੋ ਕੇ ਪੇਸ਼ ਆ ਰਹੀ ਹੈ ਤੇ ਇਸ ਸਰਕਾਰ ਵੱਲੋਂ ਹਰ ਤਰੀਕੇ ਨਾਲ ਜ਼ਲੀਲ ਕਰਨ, ਬਦਨਾਮ ਕਰਨ ਤੇ ਬੇਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੋਕਤੰਤਰ ਵਿੱਚ ਬਿਨਾਂ ਕਿਸੇ ਗੱਲ ਤੋਂ ਨਾਜਾਇਜ਼ ਧੱਕੇ ਨਾਲ ਕੇਸ ਬਣਾਉਣ ਦੀ ਕੋਸ਼ਿਸ਼ ਕਰਨਾ ਬਿਲਕੁਲ ਗਲਤ ਹੈ। ਇਹ ਸਰਕਾਰ ਪਾਣੀ ਵਿੱਚ ਲਾਠੀਆਂ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਇਥੇ ਹੀ ਖੜ੍ਹਾ ਹਾਂ ਜੋ ਕਰਨਾ ਹੈ ਕਰ ਲਵੇ। ਜੇਕਰ ਮੇਰੇ ਕੋਲੋਂ ਕੁਝ ਨਿਕਲਦਾ ਹੈ ਤਾਂ ਮੈਂ ਸਰਕਾਰ ਦੇ ਨਾਂ ਕਰਨ ਲਈ ਤਿਆਰ ਹਾਂ ਪਰ ਸਰਕਾਰ ਇਸ ਸਬੰਧੀ ਕੋਈ ਸਬੂਤ ਦੇਵੇ।
ਕੇਸਾਂ ਨਾਲ ਮੇਰਾ ਕੁਝ ਨਹੀਂ ਹੋਣਾ, ਮੂਸੇਵਾਲੇ ਵਾਲਾ ਕੰਮ ਕਰ ਕੇ ਦੇਖ ਲਓ : ਸਰਕਾਰ ਨੇ ਇਲਜ਼ਾਮ ਲਾਇਆ ਸੀ ਕਿ ਮੇਰੇ ਮੁੰਡਿਆਂ ਕੋਲ ਕਰੋੜਾਂ ਦੀਆਂ ਗੱਡੀਆਂ ਹਨ, ਹੁਣ ਸਰਕਾਰ ਦੱਸੇ ਉਹ ਗੱਡੀਆਂ ਕਿਥੇ ਨੇ। ਮੇਰੇ ਕੋਲ 170 ਕਰੋੜ ਦੀ ਜਾਇਦਾਦ ਹੈ, ਦੱਸਣ ਹੁਣ ਉਹ ਕਿਥੇ ਹੈ। ਮੈਂ ਹਮੇਸ਼ਾ ਇਮਾਨਦਾਰੀ ਨਾਲ ਕੰਮ ਕੀਤਾ ਹੈ ਤੇ ਕਰਦਾ ਰਹਾਂਗਾ, ਪਰਮਾਤਮਾ ਜ਼ਿੰਦਗੀ ਬਖਸ਼ੇ ਇਹ ਮੈਨੂੰ ਮਾਰ ਨਹੀਂ ਸਕਦੇ, ਪਰ ਕੋਸ਼ਿਸ਼ ਜ਼ਰੂਰ ਕਰਨਗੇ। ਉਨ੍ਹਾਂ ਤਲ਼ਖ ਤੇਵਰ ਦਿਖਾਉਂਦਿਆਂ ਕਿਹਾ ਕਿ ਕੇਸਾਂ ਨਾਲ ਕੁਝ ਨਹੀਂ ਬਣਨਾ, ਤੁਹਾਡੇ ਕੋਲੋਂ ਮੇਰਾ ਕੁਝ ਨਹੀਂ ਹੋਣਾ, ਹਾਂ ਜੇਕਰ ਮੂਸੇਵਾਲੇ ਵਾਲਾ ਕੰਮ ਕਰ ਸਕਦੇ ਹੋ ਤਾਂ ਕਰ ਕੇ ਦੇਖ ਲਓ।
ਇਹ ਵੀ ਪੜ੍ਹੋ : ਡਾ. ਵੇਰਕਾ ਨੇ ਘੇਰੀ ਪੰਜਾਬ ਸਰਕਾਰ, ਕਿਹਾ- ਬਾਬਾ ਸਾਹਿਬ ਦੇ ਜਨਮ ਦਿਨ ਵਾਲੇ ਦਿਨ ਚੰਨੀ ਦੀ ਵਿਜੀਲੈਂਸ ਅੱਗੇ ਪੇਸ਼ੀ ਮੰਦਭਾਗੀ
ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਪਹਿਲਾਂ ਕੀਤੀ ਸੀ ਕਾਨਫਰੰਸ : ਜਿਵੇਂ ਹੀ ਚੰਨੀ ਨੇ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ, ਤਾਂ ਵਿਜੀਲੈਂਸ ਨੇ 20 ਅਪ੍ਰੈਲ ਦਾ ਇੰਤਜ਼ਾਰ ਕੀਤੇ ਬਿਨਾਂ ਚੰਨੀ ਨੂੰ ਤੁਰੰਤ ਪੇਸ਼ ਹੋਣ ਦਾ ਸੁਨੇਹਾ ਦਿੱਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਸਵੇਰੇ ਦਸ ਵਜੇ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਲਈ ਬੁਲਾਇਆ ਗਿਆ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਦੋਸ਼ ਲਗਾਇਆ ਕਿ ਮੇਰਾ ਕਤਲ ਵੀ ਕੀਤਾ ਜਾ ਸਕਦਾ ਹੈ। ਚੰਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਪੁੱਛਗਿੱਛ ਕੀਤੀ ਜਾਣੀ ਹੈ। ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਚਰਨਜੀਤ ਚੰਨੀ ਨੇ ਦੱਸਿਆ ਕਿ ਵਿਜੀਲੈਂਸ ਨੇ ਪਹਿਲਾਂ 12 ਅਪ੍ਰੈਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕਿਸੇ ਕੰਮ ਵਿੱਚ ਰੁੱਝੇ ਹੋਣ ਕਰਕੇ ਨਹੀਂ ਆ ਸਕਦਾ।