ਅੰਮ੍ਰਿਤਸਰ : ਅੰਮ੍ਰਿਤਸਰ ਪ੍ਰਸ਼ਾਸਨ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸ ਰਿਹਾ ਹੈ। ਅੰਮ੍ਰਿਤਸਰ ਵਿੱਚ ਅਜਿਹੇ ਕਈ ਟਰੈਵਲ ਏਜੰਟਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਜਿਹੇ ਟਰੈਵਲ ਏਜੰਟਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਅਜਿਹੇ ਵਿੱਚ 40 ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
'ਨਜਾਇਜ਼ ਤੌਰ ਤੇ ਚੱਲ ਰਹੇ ਟਰੈਵਲ ਏਜੈਂਟਾਂ ਤੇ ਆਈਲਟ ਸੈਂਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ'
ਇਸ ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੇ ਕਾਂਗਰਸੀ ਆਗੂ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਸੀ ਕਿ ਨਜਾਇਜ਼ ਤੌਰ ਤੇ ਚੱਲ ਰਹੇ ਟਰੈਵਲ ਏਜੈਂਟਾਂ ਤੇ ਆਈਲਟ ਸੈਂਟਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਦੋ ਨੰਬਰ ਵਿੱਚ ਵਿਦੇਸ਼ ਭੇਜਣ ਵਾਲੇ ਟਰੈਵਲ ਏਜੈਂਟਾਂ ਦੇ ਖਿਲਾਫ ਡੀਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੰਮ੍ਰਿਤਸਰ ਡੀਸੀ ਨੇ ਕਾਰਵਾਈ ਕਰਦੇ ਹੋਏ 40 ਦੇ ਕਰੀਬ ਟਰੈਵਲ ਏਜੰਟਾ ਦੇ ਲਾਇਸੰਸ ਰੱਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਜੋ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਅੱਗੇ ਵੀ ਇਹ ਜਾਰੀ ਰਹੇਗੀ।
'ਏਡੀਜੀਪੀ ਐੱਨਆਰਆਈ ਪ੍ਰਵੀਨ ਸਿਨਹਾ ਨੇ ਦਿੱਤੀ ਜਾਣਕਾਰੀ'
ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਇੰਚਾਰਜ ਏਡੀਜੀਪੀ ਐਨਆਰਆਈ ਪਰਵੀਨ ਸਿਨਹਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਕੁੱਲ 131 ਪੰਜਾਬੀਆਂ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 127 ਅਮਰੀਕਾ ਫੌਜ ਦੇ ਜਹਾਜ਼ ਵਿੱਚ ਆਏ ਹਨ ਅਤੇ ਅਤੇ ਚਾਰ ਸਿਵਿਲੀਅਨ ਜਹਾਜ ਦੇ ਵਿੱਚ ਆਏ ਹਨ। ਪੀ ਕੇ ਸਿਨਹਾ ਨੇ ਕਿਹਾ ਹੁਣ ਤਕ 17 ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 3 ਮਾਮਲਿਆ ਦੇ ਵਿੱਚ ਗ੍ਰਿਫਤਾਰੀ ਵੀ ਹੋ ਹੋਈ ਹੈ ਅਤੇ ਉਨ੍ਹਾਂ ਤੋਂ ਨਕਦੀ ਵੀ ਬਰਾਮਦ ਕੀਤੀ ਗਈ ਹੈ ਅਤੇ ਬਾਕੀ ਮਾਮਲਿਆ ਦੇ ਵਿੱਚ ਪੂਰੀ ਤਫਤੀਸ਼ ਨਾਲ ਜਾਂਚ ਚੱਲ ਰਹੀ ਹੈ।

'ਜਿਆਦਾਤਰ ਏਜੰਟ ਭਾਰਤ ਤੋਂ ਬਾਹਰ'
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜਿਆਦਾਤਰ ਏਜੰਟ ਭਾਰਤ ਤੋਂ ਬਾਹਰ ਚਲੇ ਗਏ ਹਨ ਅਤੇ ਕਈ ਪਹਿਲਾਂ ਹੀ ਬਾਹਰ ਰਹਿ ਰਹੇ ਹਨ। ਜਿਆਦਾਤਰ ਏਜੰਟ ਦੁਬਈ, UK, ਵਿਚ ਰਹਿ ਰਹੇ ਹਨ। ਕੁਝ ਕੇਸ ਤਾਂ ਅਜਿਹੇ ਹਨ ਜਿੰਨ੍ਹਾਂ ਵਿੱਚ ਪੀੜਤ ਨੇ ਏਜੰਟ ਨਾਲ ਮੁਲਾਕਾਤ ਤੱਕ ਨਹੀਂ ਕੀਤੀ, ਉਨ੍ਹਾਂ ਦੀ ਏਜੰਟ ਨਾਲ ਸਿਰਫ ਫੋਨ 'ਤੇ ਗੱਲ ਹੋਈ ਹੈ, ਅਤੇ ਵਟਸਅਪ 'ਤੇ ਗੱਲ ਹੋਈ ਹੈ ਅਤੇ ਪੈਸੇ ਲੈ ਕੇ ਚਲਦੇ ਬਣੇ। ਜਿਸ ਕਰਕੇ ਸਾਨੂੰ ਜਾਂਚ ਕਰਨ ਵਿੱਚ ਥੋੜਾ ਮੁਸ਼ਕਿਲ ਹੋ ਰਿਹਾ ਹੈ। ਇਸ ਤੋਂ ਅੱਗੇ ਉਨ੍ਹਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਭੇਜਣ ਵਾਲੇ ਏਜੰਟਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸੁਚੇਤ ਹੋ ਜਾਣ ਕਿ ਜੋ ਕਾਨੂੰਨ ਦਾ ਸਿਕੰਜਾ ਹੈ, ਤੁਸੀਂ ਉਸ ਤੋਂ ਬਚ ਨਹੀਂ ਸਕੋਗੇ।
ਕੀ ਸੀ ਮਾਮਲਾ
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਲੋਕਾਂ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਕਈ ਲੋਕਾਂ ਨੂੰ ਭਾਰਤ ਵੀ ਭੇਜਿਆ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਪੰਜਾਬ ਦੇ ਹਨ। ਕਈ ਲੋਕਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਅਮਰੀਕਾ ਭੇਜਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦੇ ਦਾਅਵੇ ਝੂਠੇ ਨਿਕਲੇ।