ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਅਤੇ ਕਤਲ ਕੇਸ ਵਿੱਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਸੁਮੇਧ ਸੈਣੀ ਖਿਲਾਫ਼ ਅਗਵਾ ਅਤੇ ਲਾਪਤਾ ਹੋਣ ਦੇ 26 ਸਾਲ ਪੁਰਾਣੇ ਇੱਕ ਹੋਰ ਕੇਸ ਵਿੱਚ ਸੀਬੀਆਈ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਮਿਲੀ ਨਿੱਜੀ ਪੇਸ਼ੀ ਤੋਂ ਛੋਟ ਰੱਦ ਕਰਵਾਉਣ ਲਈ ਪਟੀਸ਼ਨ ਦਾਇਰ ਕਰ ਦਿੱਤੀ ਹੈ। ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਇਹ ਕੇਸ ਵਿਚਾਰ ਅਧੀਨ ਹੈ।
ਦੱਸ ਦੇਈਏ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਲੁਧਿਆਣਾ ਦੇ ਵਾਹਨ ਕਾਰੋਬਾਰੀ ਵਿਨੋਦ ਕੁਮਾਰ, ਉਸ ਦਾ ਜੀਜਾ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਮੁਖਤਿਆਰ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਹਨ। ਹੁਣ ਸੀਬੀਆਈ ਨੇ ਇਸ ਕੇਸ ਵਿੱਚ ਸੁਮੇਧ ਸੈਣੀ ਦੀ ਨਿੱਜੀ ਪੇਸ਼ੀ ਤੋਂ ਛੋਟ ਰੱਦ ਕਰਵਾਉਣ ਲਈ ਪਟੀਸ਼ਨ ਦਾਇਰ ਕਰ ਦਿੱਤੀ ਹੈ।
ਇਸ ਨੂੰ ਲੈ ਕੇ ਮੁਲਤਾਨੀ ਪਰਿਵਾਰ ਦੇ ਵਕੀਲ ਪ੍ਰਦੀਪ ਵਿਰਕ ਨੇ ਕਿਹਾ ਕਿ ਹਾਈਕੋਰਟ ਵੱਲੋਂ ਜਿਹੜੇ ਆਰਡਰ ਸਾਹਮਣੇ ਆਏ ਹਨ ਉਸ ਵਿੱਚ ਸਾਫ-ਸਾਫ ਦੱਸਿਆ ਗਿਆ ਹੈ ਕਿ ਕਿਵੇਂ ਉਹ ਨਾਜਾਇਜ਼ ਲੋਕਾਂ ਦੇ ਨਾਲ ਮਾਰਕੁੱਟ ਕਰਦਾ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਕਤਲ ਵੀ ਕਰਵਾ ਦਿੰਦਾ ਸੀ। ਵਕੀਲ ਨੇ ਪ੍ਰਦੀਪ ਵਿਰਕ ਨੇ ਕਿਹਾ ਕਿ ਜਿਸ ਤਰ੍ਹਾਂ ਸੈਣੀ ਨੇ ਬਲਵੰਤ ਸਿੰਘ ਮੁਲਤਾਨੀ ਦਾ ਕਤਲ ਕੀਤਾ ਠੀਕ ਉਸੇ ਤਰ੍ਹਾਂ 1994 ਵਿੱਚ ਲੁਧਿਆਣਾ ਦੇ ਤਿੰਨ ਵਿਅਕਤੀਆਂ ਨੂੰ ਚੁੱਕਿਆ ਗਿਆ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮਾਰ ਦਿੱਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਡੀਜੀਪੀ ਰਹਿੰਦੇ ਹੋਏ ਤੇ ਉਸ ਤੋਂ ਬਾਅਦ ਵੀ ਉਸ ਵਿਅਕਤੀ ਦਾ ਪ੍ਰਭਾਵ ਇੰਨ੍ਹਾਂ ਜ਼ਿਆਦਾ ਹੈ ਕਿ ਹਾਈਕੋਰਟ ਦੇ ਜੱਜਾਂ ਨੂੰ ਉਹ ਧਮਕਾਉਂਦਾ ਹੈ ਤੇ ਸਾਰਾ ਕੁਝ ਆਰਡਰਜ਼ ਦੇ ਵਿੱਚ ਵੀ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਅਤੇ ਕਤਲ ਕੇਸ ਵਿੱਚ ਸਿੱਟ ਵੱਲੋਂ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।