ਚੰਡੀਗੜ੍ਹ: ਕਾਂਗਰਸ ਸਰਕਾਰ ਵੱਲੋਂ ਬਿਜਲੀ ਦੇ ਵਧਾਏ ਗਏ ਰੇਟਾਂ ਉੱਤੇ ਸਿਆਸਤ ਗਰਮਾਈ ਹੋਈ ਹੈ। ਅਕਾਲੀ ਦਲ ਬਿਜਲੀ ਵਧਾਉਣ ਸੰਬੰਧੀ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰਨ ਦੀ ਕਾਂਗਰਸ ਨੂੰ ਚੁਣੌਤੀ ਦੇ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਅੱਜ ਸ਼ੁਕਰਵਾਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਣਾ ਹੈ।
ਇਸ ਨੂੰ ਲੈ ਕੇ ਵੀ ਸਿਆਸਤ ਵਿੱਚ ਬਿਆਨਬਾਜ਼ੀ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਘਿਰਾਓ ਬਾਰੇ ਗੱਲ ਕਰਦੇ ਹੋਏ ਸੱਤਾਧਾਰੀ ਪਾਰਟੀ ਦੇ ਮੰਤਰੀ ਰਾਣਾ ਸੋਢੀ ਦਾ ਕਹਿਣਾ ਹੈ ਕਿ ਪਾਰਟੀ ਖ਼ਤਮ ਹੋ ਚੁੱਕੀ ਹੈ, ਉਨ੍ਹਾਂ ਵੱਲੋਂ ਘਿਰਾਓ ਦਾ ਕੋਈ ਫਰਕ ਨਹੀਂ ਪਵੇਗਾ।
ਉਧਰ ਅਕਾਲੀ ਦਲ ਆਗੂ ਦਲਜੀਤ ਚੀਮਾ ਦਾ ਇਸ ਬਾਰੇ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਪਸ ਵਿੱਚ ਰਲੀਆਂ ਹੋਈਆਂ ਪਾਰਟੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਰਾ ਦਿਨ ਕਾਂਗਰਸ ਵਿੱਚ ਹੀ ਬੈਠੇ ਰਹਿੰਦੇ ਹਨ ਅਤੇ ਫੋਟੋਆਂ ਕਰਵਾ ਕੇ ਬਾਹਰ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲਗਾਇਆ ਜਾਣ ਵਾਲਾ ਧਰਨਾ ਸਿਰਫ਼ ਦਿਖਾਵਾ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ 10 ਜਨਵਰੀ ਨੂੰ ਕੀਤਾ ਜਾਣ ਵਾਲਾ ਸੀਐਮ ਕੋਠੀ ਦਾ ਘਿਰਾਓ ਪਹਿਲਾਂ 7 ਜਨਵਰੀ ਨੂੰ ਕੀਤਾ ਜਾਣਾ ਸੀ, ਪਰ ਮੌਸਮ ਖ਼ਰਾਬ ਹੋਣ ਦੇ ਚੱਲਦੇ ਇਸ ਨੂੰ ਟਾਲ ਕੇ ਅੱਗੇ ਵਧਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਇਹ ਘਿਰਾਓ 10 ਜਨਵਰੀ ਯਾਨੀ ਅੱਜ ਸ਼ੁਕਰਵਾਰ ਨੂੰ ਕੀਤਾ ਜਾਣਾ ਹੈ। ਇਸ ਘਿਰਾਓ ਦੀ ਅਗਵਾਈ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਕਰਨਗੇ। ਵੇਖਣਾ ਹੋਵੇਗਾ ਕਿ ਇਸ ਦਾ ਸਰਕਾਰ 'ਤੇ ਉੱਤੇ ਕੀ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ: ਗੁਰਦੁਆਰਾ 'ਗੁਰੂ ਕੀ ਢਾਬ' ਦਾ ਸ਼ਾਨਮੱਤਾ ਇਤਿਹਾਸ