ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਸੂਬਾ ਸਰਕਾਰ ਵੱਲੋਂ ਗਠਿਤ ਕੀਤੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦਾ ਚੌਥੀ ਵਾਰ ਮੁਖੀ ਬਦਲੇ ਜਾਣ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਤਸਕਰਾਂ ਨੂੰ ਨੱਥ ਪਾਉਣ ਦੀ ਥਾਂ ਸਿਰਫ਼ ਸ਼ੋਸ਼ੇਬਾਜ਼ੀ 'ਚ ਸਮਾਂ ਕੱਢ ਰਹੀ ਹੈ, ਜਦਕਿ ਨਸ਼ਾ ਮਾਫ਼ੀਆ ਨੂੰ ਖ਼ਤਮ ਕਰਨ ਲਈ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਿੱਧੂ ਦੇ ਸਾਬਕਾ ਵਿਭਾਗ 'ਚੋਂ ਕੈਪਟਨ ਨਾਲ ਸਬੰਧਤ ਫਾਈਲਾਂ ਗਾਇਬ
'ਆਪ' ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਸਵਾਲ ਖੜੇ ਕਰਦਿਆ ਕਿਹਾ ਕਿ ਹਰਪ੍ਰੀਤ ਸਿੰਘ ਸਿੱਧੂ ਨੂੰ ਹੁਣ ਮੁੜ ਕਿਉਂ ਡਿਊਟੀ 'ਤੇ ਲਗਾਇਆ ਗਿਆ ਤੇ ਉਹ ਕਿਹੜੇ ਕਾਰਨ ਸਨ ਜਿਸ ਕਰ ਕੇ ਪਹਿਲਾਂ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ ਸੀ? ਕੁਲਤਾਰ ਸਿੰਘ ਸੰਧਵਾਂ ਨੇ ਸਪਸ਼ਟ ਕਿਹਾ ਕਿ ਉਨ੍ਹਾਂ ਨੂੰ ਹਰਪ੍ਰੀਤ ਸਿੰਘ ਸਿੱਧੂ ਦੇ ਕੰਮ 'ਤੇ ਕੋਈ ਸ਼ੱਕ ਨਹੀਂ, ਪਰ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ 'ਚ ਖੋਟ ਸਾਫ਼ ਨਜ਼ਰ ਆ ਰਹੀ ਹੈ।
'ਆਪ' ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੋਰ ਕਮੇਟੀ ਮੈਂਬਰ ਤੇ ਸਾਬਕਾ ਐਮਪੀ ਪ੍ਰੋ. ਸਾਧੂ ਸਿੰਘ ਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਐਸਟੀਐਫ ਬਣੇ ਹੋਏ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਨਸ਼ਾ ਤਸਕਰੀ ਰੁਕਣ ਦੀ ਥਾਂ ਹੋਰ ਵੀ ਵੱਧ ਰਹੀ ਹੈ।
'ਆਪ' ਆਗੂਆਂ ਦੇ ਸਵਾਲ:
- ਉਨ੍ਹਾਂ ਸਵਾਲ ਕੀਤਾ- ਕੀ ਕੈਪਟਨ ਸਾਹਿਬ ਲੋਕਾਂ ਨੂੰ ਸਪਸ਼ਟ ਕਰਨ ਕਿ ਨਸ਼ਿਆਂ ਦੇ ਮਾਮਲੇ 'ਚ ਜਿਸ ਸੀਨੀਅਰ ਪੁਲਿਸ ਅਫ਼ਸਰ ਰਾਜਜੀਤ ਸਿੰਘ ਵਿਰੁੱਧ ਹਰਪ੍ਰੀਤ ਸਿੰਘ ਸਿੰਧੂ ਨੇ ਰਿਪੋਰਟ ਦਿੱਤੀ ਸੀ, ਉਸ 'ਤੇ ਕੀ ਕਾਰਵਾਈ ਕੀਤੀ ਗਈ?
- ਜੇ ਨਹੀਂ ਤਾਂ ਸਰਕਾਰ ਕਿਸ ਦੇ ਦਬਾਅ ਹੇਠ ਹੈ?
- ਪ੍ਰੋ. ਸਾਧੂ ਸਿੰਘ ਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਇੱਕ ਰਿਪੋਰਟ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਰੇ ਵੀ ਤਿਆਰ ਕੀਤੀ ਸੀ, ਪੰਜਾਬ ਦੇ ਲੋਕ ਉਸ ਬਾਰੇ ਵੀ ਜਾਣਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਘੱਗਰ ਦੀ ਮਾਰ, ਜਾਇਜ਼ਾ ਲੈਣ ਪੁੱਜੇ ਗੁਰਪ੍ਰੀਤ ਕਾਂਗੜ