ਚੰਡੀਗੜ੍ਹ: ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਦਲਾਲ (ਵਿਚੋਲੀਏ) ਕਹਿਣ 'ਤੇ ਭੜਕੀ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਅਤੇ ਵਲੰਟੀਅਰਾਂ ਨੂੰ ਸ਼ਨਿੱਚਰਵਾਰ ਨੂੰ ਉਸ ਸਮੇਂ ਚੰਡੀਗੜ੍ਹ ਪੁਲਿਸ ਦੇ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਹੋ ਗਏ, ਜਦੋਂ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਹੈੱਡਕੁਆਟਰ ਦਾ ਘਿਰਾਓ ਕਰਨ ਗਏ।
ਪਾਰਟੀ ਦੇ ਨੌਜਵਾਨ ਵਿਧਾਇਕ ਮੀਤ ਹੇਅਰ ਦੀ ਅਗਵਾਈ ਹੇਠ ਪਹਿਲਾਂ 'ਆਪ' ਆਗੂ ਅਤੇ ਵਲੰਟੀਅਰਾਂ ਪੰਜਾਬ ਭਾਜਪਾ ਦਫ਼ਤਰ ਨੇੜੇ ਸਲਿੱਪ ਰੋਡ 'ਤੇ ਧਰਨਾ ਲਗਾਇਆ ਅਤੇ ਜੇ.ਪੀ ਨੱਢਾ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। 'ਆਪ' ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਨੱਢਾ ਆਪਣਾ ਬਿਆਨ ਵਾਪਸ ਲੈਣ ਅਤੇ ਕਿਸਾਨਾਂ ਕੋਲੋਂ ਮੁਆਫ਼ੀ ਮੰਗਣ।
'ਆਪ' ਪ੍ਰਦਰਸ਼ਨਕਾਰੀਆਂ ਨੇ ਭਾਜਪਾ ਦਫ਼ਤਰ ਵੱਲ ਕੂਚ ਕੀਤਾ ਤਾਂ ਪਹਿਲਾਂ ਹੀ ਬੈਰੀਕੇਡਸ (ਨਾਕਾ) ਲਗਾ ਕੇ ਜਲ ਤੋਪਾਂ ਤਿਆਰ ਖੜੀ ਪੁਲਿਸ ਨੇ ਅਚਾਨਕ ਹੀ ਪਾਣੀ ਦੀਆਂ ਤੇਜ਼ ਬੁਛਾਰਾਂ ਨਾਲ 'ਆਪ' ਪ੍ਰਦਰਸ਼ਨਕਾਰੀਆਂ 'ਤੇ ਹਮਲਾ ਬੋਲ ਦਿੱਤਾ। ਇਸ ਦੇ ਨਾਲ ਹੀ ਲਾਠੀਚਾਰਜ ਅਤੇ ਧੱਕਾਮੁੱਕੀ ਸ਼ੁਰੂ ਕਰ ਦਿੱਤੀ। ਜਿਸ ਦੌਰਾਨ 'ਆਪ' ਦੀ ਮਹਿਲਾ ਵਿੰਗ ਦੀ ਸਾਬਕਾ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਅਤੇ ਮੈਡਮ ਅਨੂ ਬੱਬਰ ਮੋਹਾਲੀ ਸਮੇਤ ਕਈ ਹੋਰ ਆਗੂ ਜ਼ਖਮੀ ਹੋ ਗਏ। ਮੈਡਮ ਗਿੱਲ ਅਤੇ ਅਨੂਬੱਬਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਨਿੱਜੀ ਹਸਪਤਾਲਾਂ 'ਚ ਦਾਖਲ ਵੀ ਕਰਾਉਣਾ ਪਿਆ। ਇਸ ਸਮੇਂ ਪੁਲਸ ਨੇ ਵਿਧਾਇਕ ਮੀਤ ਹੇਅਰ ਸਮੇਤ ਕਰੀਬ 4 ਦਰਜਨ ਆਗੂਆਂ ਅਤੇ ਵਲੰਟੀਅਰਾਂ ਨੂੰ ਹਿਰਾਸਤ 'ਚ ਲੈ ਕੇ ਸੈਕਟਰ 39 ਸਥਿਤ ਥਾਣੇ ਅੰਦਰ ਕਈ ਘੰਟੇ ਡੱਕੀ ਰੱਖਿਆ।
ਇਸ ਤੋਂ ਪਹਿਲਾਂ ਮੀਤ ਹੇਅਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਪਣੇ ਅਤੇ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਡਟੇ ਕਿਸਾਨਾਂ ਨੂੰ ਜੇ.ਪੀ ਨੱਢਾ ਵੱਲੋਂ ਦਲਾਲ (ਵਿਚੋਲੀਏ) ਕਹਿਣ ਬੇਹੱਦ ਨਿੰਦਣਯੋਗ ਹੈ। ਨੱਢਾ ਨੂੰ ਇਹ ਬਿਆਨ ਤੁਰੰਤ ਵਾਪਸ ਲੈ ਕੇ ਕਿਸਾਨਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਮੀਤ ਹੇਅਰ ਨੇ ਕਿਹਾ, '' ਅੱਜ ਸਾਡੇ ਰੋਹ ਤੋਂ ਡਰ ਕੇ ਭਾਜਪਾ ਦਫ਼ਤਰ ਛੱਡ ਕੇ ਭੱਜੇ ਭਾਜਪਾਈਆਂ ਰਾਹੀਂ ਅਸੀ (ਆਪ) ਨੱਢਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਘਰਸ਼ਸ਼ੀਲ ਕਿਸਾਨ ਆਪਣੇ ਅਤੇ ਪੰਜਾਬ ਦੇ ਅਰਥਚਾਰੇ ਨੂੰ ਬਚਾਉਣ ਲਈ ਰੇਲ ਪਟੜੀਆਂ ਅਤੇ ਸੜਕਾਂ 'ਤੇ ਡਟੇ ਹੋਏ ਹਨ। ਦਲਾਲੀ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਨਹੀਂ ਸਗੋਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਬਾਨੀਆਂ-ਅਡਾਨੀਆਂ ਵਰਗੇ ਕਾਰਪੋਰੇਟ ਘਰਾਨਿਆਂ ਦੀ ਖ਼ੁਦ ਕਰ ਰਹੇ ਹਨ।
ਮੀਤ ਹੇਅਰ ਨੇ ਕਿਹਾ ਕਿ ਜੇਕਰ ਕਿਸਾਨ ਦਲਾਲ ਸਨ ਤਾਂ ਉਨ੍ਹਾਂ ਨੂੰ ਗੱਲਬਾਤ ਲਈ ਦਿੱਲੀ ਕਿਉਂ ਬੁਲਾਇਆ ਅਤੇ ਦਰਜਨ ਭਰ ਕੇਂਦਰੀ ਮੰਤਰੀਆਂ ਨੂੰ ਵਰਚੂਅਲ ਗੱਲਬਾਤ ਲਈ ਕਿਉਂ ਕਿਹਾ?