ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਸੂਬੇ ਦੇ ਵਪਾਰੀਆਂ ਤੇ ਕਾਰੋਬਾਰੀਆਂ ਦਾ ਵਾਸਤਾ ਦਿੰਦਿਆਂ ਪੰਜਾਬ ਸਰਕਾਰ ਕੋਲੋਂ ਸ਼ਾਮ ਦਾ ਕਰਫਿਊ ਤੇ ਹਫਤਾਵਾਰੀ ਲੌਕਡਾਊਨ ਬੰਦ ਕਰਨ ਦੀ ਮੰਗ ਕੀਤੀ ਹੈ। ਆਪ ਨੇ ਸ਼ਾਮ ਦੇ ਕਰਫਿਊ ਤੇ ਹਫਤਾਵਾਰੀ ਲੌਕਡਾਊਨ ਨੂੰ ਵਪਾਰੀਆਂ ਤੇ ਆਮ ਲੋਕਾਂ ਦੀ ਖੱਜਲ ਖੁਆਰ ਕਰਨ ਵਾਲਾ ਇੱਕ ਫਜੂਲ ਦਾ ਫੈਸਲਾ ਦੱਸਿਆ ਅਤੇ ਇਸ ਦਾ ਵਿਰੋਧ ਕੀਤਾ ਹੈ।
ਆਪ ਦੇ ਵਿਧਾਇਕ ਅਮਨ ਅਰੋੜਾ ਅਤੇ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਹਫਤਾਵਾਰੀ ਲੌਕਡਾਊਨ ਅਤੇ ਸੱਤ ਵਜੇ ਤੋਂ ਕਰਫਿਊ ਲਾਗੂ ਕਰਨ ਦਾ ਲਿਆ ਗਿਆ ਫੈਸਲਾ ਵਾਪਿਸ ਲੈਣਾ ਚਾਹੀਦਾ ਹੈ, ਜਿਸ ਨਾਲ ਵਪਾਰੀ ਤੇ ਹੋਰ ਵਰਗ ਲਗਾਤਾਰ ਪ੍ਰੇਸ਼ਾਨ ਹੋ ਰਿਹਾ ਹੈ।
ਅਮਨ ਅਰੋੜਾ ਅਤੇ ਮੀਤ ਹੇਅਰ ਨੇ ਕਿਹਾ ਹੈ ਕਿ ਵਪਾਰੀ ਵਰਗ ਕਦੇ ਵੀ ਕਿਸੇ ਤਰ੍ਹਾਂ ਦਾ ਵਿਦਰੋਹ ਨਹੀਂ ਕਰਦਾ, ਪਰੰਤੂ ਅੱਜ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਲੈ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਫੈਸਲਿਆਂ ਸਦਕਾ ਇਹੀ ਹਾਲ ਰਹੇ ਤਾਂ ਸਰਕਾਰ ਦਾ ਜਬਰਦਸਤ ਵਿਰੋਧ ਉਠ ਸਕਦਾ ਹੈ, ਜਿਸ ਦੀ ਵਕਾਲਤ ਕਰਨ ਵਾਲਿਆਂ ਨੂੰ ਸਰਕਾਰ ਇੱਕ ਸ਼ਾਜਿਸ ਦੱਸਦਿਆਂ ਕਹੇਗੀ ਕਿ ਇਸ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੈ।
ਅਮਨ ਅਰੋੜਾ ਅਤੇ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਵੱਲੋਂ ਲਿਆ ਗਿਆ ਹਫਤਾਵਾਰੀ ਬੰਦ ਦਾ ਫੈਸਲਾ ਪੂਰੀ ਤਰ੍ਹਾਂ ਕਾਰੋਬਾਰੀਆਂ ਦੇ ਵਿਰੋਧ ਵਿੱਚ ਹੈ, ਕਿਉਂਕਿ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਰਿਟੇਲਰ ਨੇ ਖਰੀਦਦਾਰੀ ਕਰਨੀ ਹੁੰਦੀ ਹੈ ਅਤੇ ਇਸ ਦੌਰਾਨ ਉਸ ਨੂੰ ਬੰਦ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਵੱਡੇ ਪੱਧਰ ‘ਤੇ ਉਸ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਗਲਤ ਫੈਸਲਿਆਂ ਸਦਕਾ ਸੂਬੇ ਵਿੱਚ ਕੋਰੋਨਾ ਕੇਸ ਲਗਾਤਾਰ ਵਧ ਰਹੇ ਹਨ। ਜਿਸ ਸਦਕਾ ਹੋਰ ਵੀ ਸਖਤਾਈ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਵਪਾਰੀਆਂ ਤੇ ਮੁਲਾਜ਼ਮਾਂ ਦੇ ਦੋਹਰੇ ਖਰਚੇ ,ਤਨਖਾਹਾਂ ਆਦਿ ਪੈ ਰਹੀਆਂ ਹਨ। ਜਿਸ ਨਾਲ ਉਸ ਦੀ ਆਰਥਿਕ ਵਿਵਸਥਾ ਵਿਗੜ ਰਹੀ ਹੈ। ਪਰੰਤੂ ਕੈਪਟਨ ਸਰਕਾਰ ਨੂੰ ਇਸ ਦਾ ਕੋਈ ਫਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਭ ਨੂੰ ਲੈ ਕੇ ਵਪਾਰੀ ਵਰਗ ਬਗਾਵਤ ‘ਤੇ ਉਤਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦਾ ਵਿਰੋਧ ਉਠ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਮਝਣਾ ਪੈਣਾ ਪਵੇਗਾ। ਸਰਕਾਰ ਵੋਲੋਂ ਹਫਤੇ ‘ਚ ਦੋ ਵਾਰੀ ਲਾਇਆ ਗਿਆ ਕਰਫਿਊ ਬਿਲਕੁਲ ਪੂਰੀ ਤਰਾਂ ਗਲਤ ਹੈ। ਜਿਸ ਨੂੰ ਵਾਪਿਸ ਲੈਣ ਦੀ ਲੋੜ ਹੈ। ਕੋਰੋਨਾ ਤੋਂ ਬਚਣ ਦੀਆਂ ਸਾਵਧਾਨੀਆਂ ਸਰਕਾਰ ਤੇ ਲੋਕਾਂ ਨੂੰ ਪੂਰੇ ਤਰੀਕੇ ਨਾਲ ਵਰਤਣੀਆਂ ਚਾਹੀਦੀਆਂ ਹਨ।