ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਚਾਰ ਸਾਲ ਬੀਤ ਚੁੱਕੇ ਹਨ ਤੇ ਅਖੀਰਲਾ ਬਜਟ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਜਾਵੇਗਾ। ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਐਮ.ਐਲ.ਏ ਹੋਸਟਲ ਤੋਂ ਸਾਈਕਲ ’ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ। ਇਸ ਦੌਰਾਨ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਤਿੰਨ ਸਾਲਾਂ ‘ਚ ਬਜਟ ਸਰਪਲੱਸ ਕਰਨ ਦੀ ਗੱਲ ਆਖੀ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਆਮ ਲੋਕਾਂ ਦੀ ਜ਼ਿੰਦਗੀ ਸਰਕਾਰ ਨੇ ਬਦਹਾਲ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਵੈਟ ਲਗਾ ਕੇ ਸੂਬੇ ‘ਚ ਕੀਮਤਾਂ ਵਧਾਈਆਂ ਜਾ ਰਹੀਆਂ ਹਨ ਤੇ ਇੰਨਾ ਹੀ ਨਹੀਂ ਸਕੂਲ ਦੀਆਂ ਫੀਸਾਂ ਜਾਂ ਹੋਰ ਕਈ ਟੈਕਸ ਲਗਾ ਕੇ ਲੋਕਾਂ ਦੇ ਉਪਰ ਭਾਰ ਪਾਇਆ ਜਾ ਰਿਹਾ। ਆਮ ਲੋਕਾਂ ਦੀ ਰਸੋਈ ਵਿੱਚੋਂ ਕਈ ਚੀਜ਼ਾਂ ਗਾਇਬ ਹੋ ਚੁੱਕੀਆਂ ਹਨ ਤੇ ਪੰਜਾਬ ਸਰਕਾਰ ਦਾ ਬਜਟ ਸਰਪਲੱਸ ਤਾਂ ਕੀ ਹੋਣਾ ਸੀ ਇਸ ਤੋਂ ਉਲਟ ਸੂਬੇ ਸਿਰ ਕਰਜ਼ਾ ਵਧ ਚੁੱਕਿਆ ਹੈ ਅਤੇ ਸਰਕਾਰ ਗਵਰਨਰ ਐਡਰੈੱਸ ‘ਚ ਹੋਰ ਕੀ ਕੁਝ ਝੂਠ ਰਾਜਪਾਲ ਤੋਂ ਬੁਲਾਏਗੀ।
ਨਾਲ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਈਕਲ ਤੇ ਇਸ ਕਾਰਨ ਵਿਧਾਨ ਸਭਾ ਜਾ ਰਹੇ ਨੇ ਕਿਉਂਕਿ ਲੋਕਾਂ ਦੀਆਂ ਗੱਡੀਆਂ ਸਰਕਾਰ ਨੇ ਘਰਾਂ ਵਿੱਚ ਖੜ੍ਹੀਆਂ ਕਰਵਾ ਦਿੱਤੀਆਂ ਹਨ। ਇਸ ਦੌਰਾਨ ਸਰਬਜੀਤ ਕੌਰ ਮਾਣੂਕੇ ਨੇ ਕਾਂਗਰਸ ਵੱਲੋਂ ਰਾਜਪਾਲ ਦੀ ਕੋਠੀ ਦਾ ਘਿਰਾਓ ਕਰਨ ਬਾਰੇ ਬੋਲਦਿਆਂ ਕਿਹਾ ਕਿ ਪਹਿਲਾਂ ਵਿਧਾਨ ਸਭਾ ਵਿੱਚ ਰਾਜਪਾਲ ਤੋਂ ਝੂਠ ਬੁਲਵਾਇਆ ਜਾਵੇਗਾ ਫਿਰ ਵਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਉਨ੍ਹਾਂ ਦਾ ਹੀ ਵਿਰੋਧ ਕੀਤਾ ਜਾਵੇਗਾ ਅਜਿਹੀ ਦੋਗਲੀ ਰਾਜਨੀਤੀ ਕਾਂਗਰਸ ਨੂੰ ਸ਼ੋਭਾ ਨਹੀਂ ਦਿੰਦੀ ਅਤੇ ਧਰਨੇ ਪ੍ਰਦਰਸ਼ਨ ਕਰਨਾ ਵਿਰੋਧੀਆਂ ਦਾ ਕੰਮ ਹੁੰਦਾ ਹੈ ।