ਚੰਡੀਗੜ੍ਹ: ਪੰਜਾਬ ਵਿੱਚ ਕੁੱਤਿਆਂ ਦੇ ਵੱਢਣ ਦਾ ਆਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜ਼ੀਕਰਪੁਰ ਦੇ ਭਬਾਤ 'ਚ 4 ਸਾਲ ਦੇ ਬੱਚੇ 'ਤੇ ਅਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਉਸ ਦੇ ਗੁਪਤ ਅੰਗ ਇੱਤੇ ਵੱਢ ਲਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਬੱਚੇ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਹੁਣ ਉੱਥੇ ਬੱਚੇ ਦੇ ਪ੍ਰਾਈਵੇਟ ਪਾਰਟਸ ਦੀ ਸਰਜਰੀ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਜ਼ੀਰਕਪੁਰ ਦੇ ਐਮ.ਸੀ. ਦਫ਼ਤਰ ਵਿੱਚ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ।
ਇਸ ਤਰ੍ਹਾਂ ਵਾਪਰੀ ਘਟਨਾ: ਪਿੰਡ ਭਬਾਤ ਦੇ ਮੰਨਤ ਐਨਕਲੇਵ ਵਾਸੀ ਅਕਰਨ ਅਵਸਥੀ ਨੇ ਦੱਸਿਆ ਕਿ 5 ਦਸੰਬਰ ਨੂੰ ਘਰ ਵਿੱਚ ਰਮਾਇਣ ਦਾ ਪਾਠ ਰੱਖਿਆ ਹੋਇਆ ਸੀ ਅਤੇ ਉਸ ਦਾ 4 ਸਾਲਾ ਪੁੱਤਰ ਘਰ ਦੇ ਬਾਹਰ ਗੇਟ ਕੋਲ ਖੜ੍ਹਾ ਸੀ। ਇਸ ਦੌਰਾਨ ਇੱਕ ਅਵਾਰਾ ਕੁੱਤੇ ਨੇ ਉਸ 'ਤੇ ਹਮਲਾ ਕਰ ਦਿੱਤਾ। ਬੱਚਾ ਹੇਠਾਂ ਡਿੱਗ ਗਿਆ ਅਤੇ ਕੁੱਤੇ ਨੇ ਉਸ ਦੇ ਗੁਪਤ ਅੰਗ ਨੂੰ ਬੁਰੀ ਤਰ੍ਹਾਂ ਕੱਟ ਲਿਆ। ਬੱਚੇ ਦੇ ਚੀਕਣ ਦੀ ਆਵਾਜ਼ ਸੁਣ ਕੇ ਉਹ ਘਰੋਂ ਬਾਹਰ ਆਏ ਅਤੇ ਬੱਚੇ ਨੂੰ ਕੁੱਤੇ ਦੇ ਚੁੰਗਲ 'ਚੋਂ ਛੁਡਵਾਇਆ। ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਲੈ ਗਏ। ਉੱਥੇ ਡਾਕਟਰਾਂ ਨੇ ਬੱਚੇ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਪਲਾਸਟਿਕ ਸਰਜਰੀ ਦਾ ਸੁਝਾਅ ਦਿੱਤਾ। ਫਿਲਹਾਲ ਬੱਚੇ ਨੂੰ ਘਰ ਭੇਜ ਦਿੱਤਾ ਗਿਆ ਹੈ।
ਬੀਤੇ ਦਿਨ ਔਰਤ ਉੱਤੇ ਵੀ ਪਿਟਬੁੱਲ ਕੁੱਤਿਆਂ ਨੇ ਕੀਤਾ ਸੀ ਹਮਲਾ: ਇੱਕ ਦਿਨ ਪਹਿਲਾਂ ਮੁਹਾਲੀ ਦੇ ਖਰੜ ਇਲਾਕੇ ਵਿੱਚ ਘਰ ਵਿੱਚ ਕੰਮ ਕਰਨ ਆਈ ਇੱਕ ਨੌਕਰਾਣੀ ਨੂੰ ਦੋ ਪਾਲਤੂ ਪਿਟਬੁੱਲ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ ਸੀ। ਕੁੱਤਿਆਂ ਨੇ ਉਸ ਦੇ ਚਿਹਰੇ ਦਾ ਕੁਝ ਹਿੱਸਾ ਖਾ ਲਿਆ ਸੀ ਤੇ ਗਰਦਨ 'ਤੇ ਵੀ ਵੱਢਿਆ। ਖੂਨ ਨਾਲ ਲੱਥਪੱਥ ਹਾਲਤ ਵਿੱਚ ਉਸ ਨੂੰ ਗੁਆਂਢੀਆਂ ਵੱਲੋਂ ਖਰੜ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੋਂ ਉਸ ਨੂੰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।
ਕੁੱਤੇ ਦੇ ਮਾਲਕ ਨੂੰ ਦੇਣਾ ਪਵੇਗਾ ਮੁਆਵਜ਼ਾ: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁੱਤਿਆਂ ਦੇ ਵੱਢਣ 'ਤੇ ਮੁਆਵਜ਼ੇ ਦਾ ਹੁਕਮ ਦਿੱਤਾ ਸੀ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਹੁਣ ਆਵਾਰਾ ਅਤੇ ਪਾਲਤੂ ਕੁੱਤਿਆਂ ਦੇ ਵੱਢਣ ਦੇ ਮਾਮਲੇ ਵਿੱਚ ਪ੍ਰਤੀ ਦੰਦ 10,000 ਰੁਪਏ ਦਾ ਮੁਆਵਜ਼ਾ ਤੈਅ ਕੀਤਾ ਹੈ। ਇਸ ਦੇ ਨਾਲ ਹੀ ਮਾਸ ਖੁਰਚਣ ਦੇ ਮਾਮਲੇ 'ਚ ਹਰ 0.2 ਸੈਂਟੀਮੀਟਰ ਦੇ ਹਿਸਾਬ ਨਾਲ 20,000 ਰੁਪਏ ਦੇਣੇ ਹੋਣਗੇ।