ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਹੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪੱਪਲਪ੍ਰੀਤ ਸਿੰਘ ਦੀ ਇੱਕ ਹੋਰ ਕਥਿਤ ਵੀਡੀਓ ਸਾਹਮਣੇ ਆਈ ਹੈ। ਇਸ ਵਾਰ ਇਹ ਵੀਡੀਓ ਰਾਜਧਾਨੀ ਦਿੱਲੀ ਦੀ ਦੱਸੀ ਜਾ ਰਹੀ ਹੈ। ਕਥਿਤ ਸੀਸੀਟੀਵੀ ਵੀਡੀਓ ਵਿੱਚ ਅੰਮ੍ਰਿਤਪਾਲ ਬਿਨਾਂ ਪੱਗ ਤੋਂ ਲੰਮੇਂ ਵਾਲਾਂ ਵਾਲੀ ਨਵੀਂ ਦਿਖ ਵਿੱਚ ਦਿਖਾਈ ਦੇ ਰਿਹਾ ਹੈ ਇਸ ਤੋਂ ਇਲਾਵਾ ਵੀਡੀਓ ਵਿੱਚ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਇੱਕ ਗਲੀ ਵਿੱਚ ਬੈਗ ਚੁੱਕ ਕੇ ਉਸ ਦੇ ਪਿੱਛੇ ਤੁਰਦਾ ਵਿਖਾਈ ਦੇ ਰਿਹਾ ਹੈ। ਦੱਸ ਦਈਏ ਇਹ ਕਥਿਤ ਸੀਸੀਟੀਵੀ ਵੀਡੀਓ 23 ਮਾਰਚ ਸ਼ਾਮ ਦੀ ਦੱਸੀ ਜਾ ਰਹੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੀ ਭਾਲ ਲਈ ਪੁਲਿਸ ਵੱਲੋਂ ਲਗਤਾਰ ਛਾਪੇਮਾਰੀਆਂ ਦਾ ਦੌਰ ਜੰਗੀ ਪੱਧਰ ਉੱਤੇ ਜਾਰੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਅੰਮ੍ਰਿਤਪਾਲ ਦੇ ਸੈਂਕੜੇ ਸਾਥੀਆਂ ਨੂੰ ਤਾਂ ਗ੍ਰਿਫ਼ਤਾਰ ਕੀਤਾ ਹੈ ਪਰ ਅੰਮ੍ਰਿਤਪਾਲ ਅਤੇ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਪੁਲਿਸ ਨੂੰ ਚਕਮਾ ਦੇਕੇ ਲਗਾਤਾਰ ਬਚ ਕੇ ਨਿਕਲਦੇ ਰਹੇ ਨੇ।
ਪਹਿਲਾਂ ਵੀ ਬਦਲ ਚੁੱਕਿਆ ਹੈ ਰੂਪ: ਅੰਮ੍ਰਿਤਪਾਲ ਦੇ ਫਰਾਰ ਹੋਣ ਤੋਂ ਲੈਕੇ ਲਗਾਤਾਰ ਕਈ ਸੀਸੀਟੀਵੀ ਫੁਜੇਟ ਜਾਂ ਫੋਟੋਆਂ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਸ ਮੁਤਕਾਬਿਕ ਅੰਮ੍ਰਿਤਪਾਲ ਸਿੰਘ ਹਰ ਸ਼ਹਿਰ ਵੱਖਰਾ ਭੇਸ ਬਣਾ ਕੇ ਘੁੰਮ ਰਿਹਾ ਸੀ। ਸਭ ਤੋਂ ਪਹਿਲੇ ਦਿਨ ਅੰਮ੍ਰਿਤਪਾਲ ਸਿੰਘ ਨੂੰ ਇਕ ਪਲੈਟਿਨਾ ਮੋਟਰਸਾਈਕਲ ਦੇ ਪਿੱਛੇ ਬੈਠਾ ਦੇਖਿਆ ਗਿਆ। ਇਸ ਫੋਟੋ ਵਿਚ ਅੰਮ੍ਰਿਤਪਾਲ ਸਿੰਘ ਨੇ ਗੁਲਾਬੀ ਪੱਗ ਬੰਨ੍ਹੀ ਹੋਈ ਸੀ। ਫਿਰ ਦੂਜੀ ਫੋਟੋ ਵਿਚ ਅੰਮ੍ਰਿਤਪਾਲ ਸਿੰਘ ਇਕ ਰੇਹੜੀ ਉਤੇ ਦਿਸਿਆ। ਹਾਲਾਂਕਿ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਦੋਵਾਂ, ਮੋਟਰਸਾਈਕਲ ਤੇ ਜੁਗਾੜੂ ਰੇਹੜੀ ਨੂੰ ਬਰਾਮਦ ਕਰ ਲਿਆ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਦੀਆਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਅਤੇ ਸਥਾਨਕ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਸ਼ਹਿਰ ਵਿੱਚ 40 ਤੋਂ 50 ਮਿੰਟ ਘੁੰਮਦਾ ਰਿਹਾ ਸੀ। ਇਸ ਸਬੰਧੀ ਇੱਕ ਵੀਡੀਓ ਵੀ ਜਾਰੀ ਹੋਈ, ਜੋ ਕਿ ਲਾਡੋਵਾਲ ਟੋਲਪਲਾਜ਼ਾ ਦੀ ਦੱਸੀ ਜਾ ਰਹੀ ਹੈ। ਲੁਧਿਆਣਾ ਵਿੱਚ ਵੀ ਅੰਮ੍ਰਿਤਪਾਲ ਸਿੰਘ ਦਾ ਵੱਖਰਾ ਰੂਪ ਸੀ, ਇਸ ਵਿੱਚ ਅੰਮ੍ਰਿਤਪਾਲ ਨੇ ਪੈਂਟ ਸ਼ਰਟ ਅਤੇ ਪਰਨਾ ਬੰਨ੍ਹਿਆ ਹੋਇਆ ਸੀ।
ਹਰਿਆਣਾ ਵਿੱਚ ਮੌਜੂਦਗੀ: ਇਸ ਤੋਂ ਬਾਅਦ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਪਪਲਪ੍ਰੀਤ ਸਿੰਘ ਦੇ ਹਰਿਆਣਾ ਦੇ ਸ਼ਾਹਬਾਦ ਵਿੱਚ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ। ਦਰਅਸਲ ਸ਼ਾਹਬਾਦ ਤੋਂ ਇੱਕ ਸੀਸੀਟੀਵੀ ਸਾਹਮਣੇ ਆਈ, ਜਿਸ ਵਿੱਚ ਅੰਮ੍ਰਿਤਪਾਲ ਛੱਤਰੀ ਲੈ ਕੇ ਘੁੰਮ ਰਿਹਾ ਸੀ। ਵੀਡੀਓ ਵਿਚ ਦੇਖਿਆ ਜਾ ਸਕਦਾ ਸੀ ਕਿ ਅੰਮ੍ਰਿਤਪਾਲ ਨੇ ਨੀਲੇ ਰੰਗ ਦੀ ਪੈਂਟ ਅਤੇ ਡੱਬੀਆਂ ਵਾਲੀ ਸ਼ਰਟ ਪਾਈ ਹੋਈ ਹੈ। ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਅੰਮ੍ਰਿਤਪਾਲ ਹਰਿਆਣਾ ਵਿੱਚ ਬਲਜੀਤ ਕੌਰ ਕੋਲ ਰੁਕਿਆ ਸੀ। ਇਲਜ਼ਾਮ ਹਨ ਕਿ ਬਲਜੀਤ ਕੌਰ ਨੇ ਕੁਰੂਕਸ਼ੇਤਰ ਵਿੱਚ ਅੰਮ੍ਰਿਤਪਾਲ ਸਿੰਘ ਨੂੰ 3 ਦਿਨ ਆਪਣੇ ਘਰ ਰੱਖਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਬਲਜੀਤ ਕੌਰ ਨੁੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।
ਇਹ ਵੀ ਪੜ੍ਹੋ: Hearing in Amritpal Singh case: ਅੰਮ੍ਰਿਤਪਾਲ ਮਾਮਲੇ ਵਿੱਚ ਸੁਣਵਾਈ, ਕੋਰਟ ਨੇ ਪਟੀਸ਼ਨ ਕਰਤਾ ਤੋਂ ਮੰਗੇ ਸਬੂਤ