ਚੰਡੀਗੜ੍ਹ: ਕੋਵਿਡ-19 ਦੇ ਕਾਰਨ ਜਿੱਥੇ ਕਈ ਪਿੰਡਾਂ ਵੱਲੋਂ ਤਾਲਾਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ, ਉੱਥੇ ਹੀ ਕਈ ਪਿੰਡਾਂ ਵਿੱਚ ਲੋਕ ਇਸ ਮਹਾਮਾਰੀ ਤੋਂ ਬੱਚਣ ਲ਼ਈ ਖੁਦ ਹੀ ਆਪਣੇ ਪਿੰਡਾਂ ਨੂੰ ਸੀਲ ਕਰ ਰਹੇ ਹਨ। ਇਨ੍ਹਾਂ ਪਿੰਡਾਂ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਉੱਤੇ ਨਿਗਰਾਨੀ ਰੱਖਣ ਦੇ ਨਾਲ-ਨਾਲ, ਨਸ਼ਿਆਂ ਦੀ ਤਸਕਰੀ ਕਾਫ਼ੀ ਘੱਟ ਗਈ ਹੈ। ਸਵੈ-ਇਕਾਂਤਵਾਸ ਦਾ ਇਹ ਇੱਕ ਬਹੁਤ ਚੰਗਾ ਪ੍ਰਭਾਵ ਕਿਹਾ ਜਾ ਸਕਦਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਪਿੰਡ ਵਾਸੀ ਇੱਕ ਦੂਜੇ ਨੂੰ ਪਛਾਣਦੇ ਹਨ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਦੀ ਸ਼ਨਾਖਤ ਆਸਾਨੀ ਨਾਲ ਹੋ ਜਾਂਦੀ ਹੈ।
ਕੋਵਿਡ-19 ਵਿਰੁੱਧ ਸੂਬਾ ਸਰਕਾਰ ਦੀ ਲੜਾਈ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਮਾਰੂ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਪੰਜਾਬ ਦੇ 13, 240 ਪਿੰਡਾਂ ਵਿਚੋਂ 7,842 ਪਿੰਡਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਹਾਲ ਹੀ ਵਿੱਚ, ਪੰਜਾਬ ਪੁਲਿਸ ਵਲੋਂ ਨਿਯੁਕਤ ਕੀਤੇ ਗਏ ਵਿਲੇਜ ਪੁਲਿਸ ਅਫ਼ਸਰ (ਵੀਪੀਓ) ਆਪਣੀ ਵਿਲੱਖਣ ‘ਵਨ ਕਾੱਪ ਫਾਰ ਵਨ ਵਿਲੇਜ’ਯੋਜਨਾ ਦੇ ਹਿੱਸੇ ਵਜੋਂ ਨਿਯੁਕਤ ਕੀਤੇ ਗਏ ਹਨ, ਜੋ ਸਵੈ-ਇਕਾਂਤਵਾਸ ਦੀ ਸਹੂਲਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਪਿੰਡ ਵਾਸੀਆਂ ਨੇ ਸਵੈਇੱਛੁਕ ਤਾਲਾਬੰਦੀ ਦੇ ਇਸ ਕਦਮ ਨਾਲ ਪੁਲਿਸ ਦਾ ਪੂਰਾ ਸਹਿਯੋਗ ਦਿੱਤਾ ਹੈ, ਅਤੇ ਲੋਕ ਕਿਸੇ ਵੀ ਅਣਅਧਿਕਾਰਤ ਜਾਂ ਓਪਰੇ ਵਿਅਕਤੀ ਦੇ ਪਿੰਡ ਵਿਚ ਦਾਖਲੇ ਨੂੰ ਰੋਕਣ ਲਈ ਗਸ਼ਤ ਕਰਨ ਵਾਲੀਆਂ ਪੁਲਿਸ ਪਾਰਟੀਆਂ ਦੀ ਸਹਾਇਤਾ ਕਰ ਰਹੇ ਹਨ। ਸਿਰਫ ਉਨ੍ਹਾਂ ਲੋਕਾਂ ਨੂੰ ਪਿੰਡ ਵਿਚ ਦਾਖਲਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਜਾਇਜ਼ ਪਾਸ ਜਾਂ ਜ਼ਰੂਰੀ ਸੇਵਾਵਾਂ ਦੇਣ ਸਬੰਧੀ ਇਜਾਜ਼ਤ ਹੈ।
ਇਸ ਦੇ ਨਾਲ ਹੀ, ਵਿਸ਼ੇਸ਼ ਆਈਸੋਲੇਸ਼ਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਨੇ ਕਰਫਿਊ ਦੇ ਸ਼ੁਰੂਆਤੀ ਪੜਾਅ ਵਿੱਚ ਪੁਲਿਸ ਫੋਰਸ ਦੀ ਮੌਜੂਦਾ ਸਥਿਤੀ ਵਿਚ ਸਖ਼ਤ ਪਾਬੰਦੀਆਂ ਲਾਗੂ ਕਰਨ ਅਤੇ ਲੋਕਾਂ ਨੂੰ ਇਸ ਮਾਰੂ ਬਿਮਾਰੀ ਪ੍ਰਤੀ ਜਾਗਰੂਕ ਕਰਨ ਵਿਚ ਸਹਾਇਤਾ ਕੀਤੀ।
ਜ਼ਿਲ੍ਹਾ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫ਼ਰੀਦਕੋਟ, ਸ੍ਰੀ ਫਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਖੰਨਾ, ਲੁਧਿਆਣਾ, ਮਾਨਸਾ, ਮੋਗਾ, ਪਟਿਆਲਾ, ਪਠਾਨਕੋਟ, ਰੋਪੜ, ਸੰਗਰੂਰ, ਐਸਏਐਸ ਨਗਰ, ਐਸਬੀਐਸ ਨਗਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਦੇ ਪਿੰਡ ਸਵੈ-ਇਕਾਂਤਵਾਸ ਵਿੱਚ ਹਨ।
ਇਹ ਵੀ ਪੜ੍ਹੋ: ਬਾਜਵਾ ਨੇ ਕੋਰੋਨਾ ਵਿਰੁੱਧ ਲੜਾਈ ਲਈ ਸੈਂਟਰਲ ਵਿਸਟਾ ਪ੍ਰਾਜੈਕਟ ਨੂੰ ਰੱਦ ਕਰਨ ਦੀ ਕੀਤੀ ਮੰਗ