ਚੰਡੀਗੜ੍ਹ ਡੈਸਕ : ਕੇਂਦਰੀ ਸੜਕੀ ਆਵਾਜਾਈ ਅਤੇ ਕੌਮੀ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਅੰਮ੍ਰਿਤਸਰ ਫੇਰੀ ਦੌਰਾਨ ਅਟਾਰੀ ਬਾਰਡਰ 'ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਝੰਡਾ ਲਹਿਰਾਇਆ ਹੈ। ਇਸਦੀ ਉਚਾਈ 418 ਫੁੱਟ ਹੈ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਸਰਹੱਦ 'ਤੇ ਲਗਾਇਆ ਗਿਆ ਇਹ ਤਿਰੰਗਾ ਵਿਸ਼ੇਸ਼ ਨਿਗਰਾਨੀ ਤਕਨੀਕ ਨਾਲ ਲੈਸ ਹੈ। ਇਸਦੇ ਉੱਪਰ ਇੱਕ ਸਿਸਟਮ ਲਗਾਇਆ ਗਿਆ ਹੈ, ਜੋ ਸਰਹੱਦ 'ਤੇ ਸਾਡੇ ਸੈਨਿਕਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰੇਗਾ।
ਇਸ ਤੋਂ ਪਹਿਲਾਂ ਵੀ ਲਗਾਇਆ ਸੀ ਝੰਡਾ : ਜ਼ਿਕਰਯੋਗ ਹੈ ਕਿ ਅਟਾਰੀ ਸਰਹੱਦ 'ਤੇ ਲਗਾਇਆ ਗਿਆ ਇਹ ਤਿਰੰਗਾ ਗੁਆਂਢੀ ਦੇਸ਼ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਹੈ। ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦੋਂ ਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਸੀ। ਹੁਣ ਗੋਲਡਨ ਗੇਟ ਦੇ ਸਾਹਮਣੇ 418 ਫੁੱਟ ਲੰਬੇ ਝੰਡੇ ਲਗਾਇਆ ਗਿਆ ਹੈ। ਇਸਦੀ ਕੀਮਤ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੇ ਸਹਿਯੋਗ ਨਾਲ 3.5 ਕਰੋੜ ਰੁਪਏ ਵਿੱਚ ਲਗਾਈ ਗਈ ਹੈ। ਇਹ ਵੀ ਯਾਦ ਰਹੇ ਕਿ ਕਰਨਾਟਕ ਦੇ ਬੇਲਗਾਮ 'ਚ ਦੇਸ਼ ਦਾ ਸਭ ਤੋਂ ਉੱਚਾ 360.8 ਫੁੱਟ ਦਾ ਝੰਡਾ ਲਹਿਰਾਇਆ ਗਿਆ ਸੀ।
ਦਿੱਲੀ-ਕੱਟੜਾ ਐਕਸਪ੍ਰੈੱਸਵੇਅ : ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਸੂਬੇ ਵਿੱਚ ਲਾਮਿਸਾਲ ਵਿਕਾਸ ਤੇ ਖ਼ੁਸ਼ਹਾਲੀ ਦੇ ਨਵੇਂ ਦੌਰ ਦੀ ਸ਼ੁਰੂਆਤ ਕਰੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਾਜ਼ਰੀ ਵਿੱਚ ਇਸ ਪ੍ਰਾਜੈਕਟ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਦਾ ਕੰਮ ਜਲਦੀ ਮੁਕੰਮਲ ਹੋਵੇਗਾ ਅਤੇ ਇਹ ਛੇਤੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ ਲਈ ਪਹਿਲਾਂ ਹੀ ਕੌਮੀ ਸ਼ਾਹਰਾਹ ਅਥਾਰਟੀ (ਐਨ.ਐਚ.ਏ.ਆਈ.) ਦਾ ਪੂਰਾ ਸਹਿਯੋਗ ਤੇ ਤਾਲਮੇਲ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਇਸ ਖਿੱਤੇ ਵਿੱਚ ਆਰਥਿਕ ਗਤੀਵਿਧੀ ਨੂੰ ਵੱਡਾ ਹੁਲਾਰਾ ਦੇਣ ਤੋਂ ਇਲਾਵਾ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ।
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਸਹੂਲਤ : ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਕੇਂਦਰੀ ਮੰਤਰੀ ਦੇ ਦਖ਼ਲ ਨਾਲ ਇਸ ਪ੍ਰਾਜੈਕਟ ਉਤੇ ਕੰਮ ਵਿੱਚ ਹੋਰ ਤੇਜ਼ੀ ਆਵੇਗੀ, ਜਿਸ ਨਾਲ ਪੰਜਾਬ ਦੇ ਅਰਥਚਾਰੇ ਨੂੰ ਗਤੀ ਮਿਲੇਗੀ। ਭਗਵੰਤ ਸਿੰਘ ਮਾਨ ਨੇ ਇਹ ਵੀ ਆਖਿਆ ਕਿ ਇਹ ਸ਼ਾਹਰਾਹ ਇਸ ਖਿੱਤੇ ਵਿੱਚ ਆਰਥਿਕ ਗਤੀਵਿਧੀ ਲਈ ਹੁਲਾਰੇ ਦੇ ਨਾਲ-ਨਾਲ ਅਕੀਦਤ ਭੇਟ ਕਰਨ ਲਈ ਮਾਤਾ ਵੈਸ਼ਨੋ ਦੇਵੀ ਧਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਸਹੂਲਤ ਪ੍ਰਦਾਨ ਕਰੇਗਾ।
- Married Girl Suicide In Amritsar: ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪੁਲਿਸ ਜਾਂਚ 'ਚ ਜੁੱਟੀ
- Bail Application of Former MLA Rejected : 7/51 ਮਾਮਲੇ 'ਚ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਜ਼ਮਾਨਤ ਅਰਜ਼ੀ ਰੱਦ, ਸਮਰਥਕਾਂ ਨੇ ਕੀਤਾ ਵਿਰੋਧ
- SC Decision on Same-Sex Marriage : ਸੁਪਰੀਮ ਕੋਰਟ ਦੇ ਸਮਲਿੰਗੀ ਵਿਆਹਾਂ ਦੇ ਫੈਸਲੇ ਮਗਰੋਂ ਵਕੀਲ ਨੇ ਸਾਥੀ ਨੂੰ ਪਾਈ ਮੁੰਦਰੀ, ਦੇਖੋ ਵਾਇਰਲ ਹੋ ਰਹੀ ਤਸਵੀਰ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ, ਜਿਸ ਲਈ ਅਜਿਹੇ ਹੋਰ ਪ੍ਰਾਜੈਕਟ ਪੰਜਾਬ ਵਿੱਚ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਦੇ ਮੁਕੰਮਲ ਹੋਣ ਮਗਰੋਂ ਦਿੱਲੀ ਤੋਂ ਪੰਜਾਬ ਅਤੇ ਜੰਮੂ-ਕਸ਼ਮੀਰ ਜਾਣ ਵਾਲੇ ਖ਼ਾਸ ਤੌਰ ਉਤੇ ਮਾਤਾ ਵੈਸ਼ਨੋ ਦੇਵੀ ਧਾਮ ਜਾਣ ਵਾਲੇ ਯਾਤਰੂਆਂ ਦੇ ਸਮੇਂ ਤੇ ਪੈਸੇ ਦੀ ਬੱਚਤ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ 254 ਕਿਲੋਮੀਟਰ ਲੰਮਾ ਸ਼ਾਹਰਾਹ 11,510 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ ਅਤੇ ਇਹ ਪੰਜਾਬ ਦੇ ਨੌਂ ਜ਼ਿਲ੍ਹਿਆਂ ਜਲੰਧਰ, ਸੰਗਰੂਰ, ਮਾਲੇਰਕੋਟਲਾ, ਪਟਿਆਲਾ, ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ, ਤਰਨ-ਤਾਰਨ ਅਤੇ ਗੁਰਦਾਸਪੁਰ ਵਿੱਚੋਂ ਲੰਘੇਗਾ।
ਗਡਕਰੀ ਨੇ ਦੇਖੀ ਰਿਟ੍ਰੀਟ ਸੈਰੇਮਨੀ : ਅੰਮ੍ਰਿਤਸਰ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਅੰਮ੍ਰਿਤਸਰ ਫੇਰੀ ਪੁੱਜਣ ਤੋਂ ਬਾਅਦ ਅੱਜ ਸ਼ਾਮ ਵੇਲੇ ਅਟਾਰੀ ਵਾਹਘਾ ਉੱਤੇ ਰਿਟ੍ਰੀਟ ਸੈਰੇਮਨੀ ਵੀ ਦੇਖੀ ਗਈ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਉਹਨਾਂ ਵੱਲੋਂ ਬੀਐਸਐਫ ਅਧਿਕਾਰੀਆਂ ਦੀ ਪਰੇਡ ਦੌਰਾਨ ਹੌਸਲਾ ਅਫਜਾਈ ਵੀ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਅੱਜ ਮੇਰੇ ਜੀਵਨ ਦਾ ਸਭ ਤੋਂ ਵੱਡਾ ਮੇਰੇ ਲਈ ਬਹੁਤ ਹੀ ਅਭਿਮਾਨ ਦਾ ਦਿਨ ਹੈ। ਉਹਨਾਂ ਕਿਹਾ ਕਿ ਅੱਜ ਮੇਰੇ ਸੱਤ ਵਰਲਡ ਰਿਕਾਰਡ ਬਣ ਚੁੱਕੇ ਹਨ। ਉਹਨਾਂ ਕਿਹਾ ਐਨਐਸਆਈ ਨੇ ਰਿਕਾਰਡ ਤੋੜ ਕੇ ਰੱਖੇ ਹਨ।