ਚੰਡੀਗੜ੍ਹ: ਬਠਿੰਡਾ ਮਿਲਟਰੀ ਬੇਸ 'ਤੇ ਤੜਕੇ 4:30 ਵਜੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਜਿਸਦੇ ਵਿਚ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਘਟਨਾ ਨੇ ਸਭ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਵਿੱਚ ਬਠਿੰਡਾ ਤੋਂ ਇਲਾਵਾ ਹੋਰ ਵੀ ਕਈ ਵੱਡੇ ਮਿਲਟਰੀ ਸਟੇਸ਼ਨ ਹਨ। ਜਿਹਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵੀ ਵਧ ਗਈ ਹੈ। ਜਾਣਦੇ ਹਾਂ ਪੰਜਾਬ ਵਿੱਚ ਬਠਿੰਡਾ ਤੋਂ ਇਲਾਵਾ ਹੋਰ ਕਿੰਨੇ ਮਿਲਟਰੀ ਸਟੇਸ਼ਨ ਹਨ।
ਇਹ ਵੀ ਪੜੋ: ਵੱਡੀ ਖ਼ਬਰ: ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਗੋਲੀਬਾਰੀ 'ਚ ਚਾਰ ਜਵਾਨਾਂ ਦੀ ਮੌਤ, ਭਾਰਤੀ ਫੌਜ ਦਾ ਬਿਆਨ ਆਇਆ ਸਾਹਮਣੇ
ਪਠਾਨਕੋਟ ਏਸ਼ੀਆ ਦਾ ਸਭ ਤੋਂ ਵੱਡਾ ਮਿਲਟਰੀ ਸਟੇਸ਼ਨ: ਪੰਜਾਬ ਵਿੱਚ ਮਿਲਟਰੀ ਬੇਸ ਦੀ ਗਿਣਤੀ 4 ਹੈ, ਇਹਨਾਂ ਵਿੱਚੋਂ ਪਠਾਨਕੋਟ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਮਿਲਟਰੀ ਸਟੇਸ਼ਨ ਹੈ ਜੋ ਕਿ ਵਿਸ਼ਵ ਪੱਧਰ 'ਤੇ ਜਾਣਿਆ ਜਾਂਦਾ ਹੈ ਜਿਸਨੂੰ ਕਿ ਮਾਮੂਨ ਕੈਂਟ ਵੀ ਕਿਹਾ ਜਾਂਦਾ ਹੈ। ਦੂਜੇ ਨੰਬਰ 'ਤੇ ਫ਼ਿਰੋਜ਼ਪੁਰ ਕੈਂਟ ਆਉਂਦਾ ਹੈ। ਜਲੰਧਰ ਕੈਂਟ ਅਤੇ ਬਠਿੰਡਾ ਕੈਂਟ ਵਿੱਚ ਵੀ ਵੱਡੇ ਮਿਲਟਰੀ ਬੇਸ ਹਨ। ਫਿਰੋਜ਼ਪੁਰ ਛਾਉਣੀ, ਫ਼ਿਰੋਜ਼ਪੁਰ ਸ਼ਹਿਰ ਦੇ ਨਾਲ ਲੱਗਦੇ ਅਤੇ ਦੱਖਣ ਵੱਲ ਸਥਿਤ ਹੈ। ਪਹਿਲੀ ਐਂਗਲੋ-ਸਿੱਖ ਜੰਗ ਦੌਰਾਨ, ਫ਼ਿਰੋਜ਼ਪੁਰ ਛਾਉਣੀ ਨੇ ਬ੍ਰਿਟਿਸ਼ ਭਾਰਤੀ ਫ਼ੌਜ ਲਈ ਮੁੱਖ ਭੂਮਿਕਾ ਨਿਭਾਈ। ਬਠਿੰਡਾ ਕੈਂਟ ਸਥਿਤ ਬਠਿੰਡਾ ਜ਼ਿਲ੍ਹੇ ਵਿੱਚ ਪੈਂਦਾ ਹੈ, ਜਿਸਦੀ ਆਬਾਦੀ 63769 ਹੈ। ਇਸਦੀ ਲੰਬਾਈ 75.92 ਕਿਲੋਮੀਟਰ ਹੈ।
ਭਾਰਤੀ ਫੌਜ ਵਿੱਚ ਪੰਜਾਬ ਦੀਆਂ 6 ਰੇਜੀਮੈਂਟਸ: ਦੱਸ ਦਈਏ ਕਿ ਭਾਰਤੀ ਫੌਜ ਵਿੱਚ ਪੰਜਾਬ ਰੈਜੀਮੈਂਟ ਦਾ ਖਾਸ ਮਹੱਤਵ ਹੈ। ਭਾਰਤੀ ਫੌਜ ਵਿਚ ਪੰਜਾਬ ਦੀਆਂ ਛੇ ਰੈਜੀਮੈਂਟਾਂ ਬਣਾਈਆਂ ਗਈਆਂ ਪਹਿਲੀ ਪੰਜਾਬ ਰੈਜੀਮੈਂਟ, ਦੂਜੀ ਪੰਜਾਬ ਰੈਜੀਮੈਂਟ, 8ਵੀਂ ਪੰਜਾਬ ਰੈਜੀਮੈਂਟ, 14ਵੀਂ ਪੰਜਾਬ ਰੈਜੀਮੈਂਟ, 15ਵੀਂ ਪੰਜਾਬ ਰੈਜੀਮੈਂਟ ਅਤੇ 16ਵੀਂ ਪੰਜਾਬ ਰੈਜੀਮੈਂਟ।
ਬਠਿੰਡਾ ਕੈਂਟ ਵਿੱਚ ਜੋ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਉਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਕਿ ਇਹ ਅੱਤਵਾਦੀ ਹਮਲਾ ਹੈ ਜਾਂ ਕੁਝ ਹੋਰ, ਪਰ ਇਸਤੋਂ ਪਹਿਲਾਂ ਪੰਜਾਬ ਵਿਚ ਏਅਰਬੇਸ ਅਤੇ ਪੁਲਿਸ ਥਾਣੇ 'ਤੇ ਅੱਤਵਾਦੀ ਹਮਲੇ ਦੀ ਇਕ ਵੱਡੀ ਘਟਨਾ ਵਾਪਰੀ ਸੀ। ਜਿਸਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਸੀ।
ਸਾਲ 2016 ਵਿਚ ਪਠਾਨਕੋਟ ਏਅਰਬੇਸ 'ਤੇ ਹੋਇਆ ਹਮਲਾ: ਜਨਵਰੀ 2016 ਵਿਚ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਹੋਇਆ। ਜਿਸ ਨੂੰ ਭਾਰਤੀ ਫੌਜ ਦੀ ਵਰਦੀ 'ਚ ਹਥਿਆਰਬੰਦ ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ। ਇਸ ਹਮਲੇ 'ਚ 7 ਜਵਾਨ ਸ਼ਹੀਦ ਹੋ ਗਏ ਸਨ। ਜਾਂਚ 'ਚ ਪਤਾ ਲੱਗਾ ਕਿ ਸਾਰੇ ਅੱਤਵਾਦੀ ਰਾਵੀ ਨਦੀ ਰਾਹੀਂ ਭਾਰਤ-ਪਾਕਿਸਤਾਨ ਸਰਹੱਦ 'ਤੇ ਆਏ ਸਨ।
ਦੀਨਾਨਗਰ ਅਟੈਕ: 27 ਜੁਲਾਈ 2015 ਨੂੰ ਅੱਤਵਾਦੀਆਂ ਨੇ ਦੀਨਾਨਗਰ ਤੋਂ ਚੰਡੀਗੜ੍ਹ ਜਾ ਰਹੀ ਬੱਸ ਤੇ ਗੋਲੀਬਾਰੀ ਕੀਤੀ ਅਤੇ ਫਿਰ ਦੀਨਾਨਗਰ ਥਾਣੇ 'ਚ ਜਾ ਵੜ੍ਹੇ ਅਤੇ ਹਮਲਾ ਕਰ ਦਿੱਤਾ। ਇਥੇ 12 ਘੰਟੇ ਪੁਲਿਸ ਅਤੇ ਅੱਤਵਾਦੀਆਂ ਦਾ ਮੁਕਾਬਲਾ ਹੁੰਦਾ ਰਿਹਾ ਹੈ ਜਿਸ ਵਿਚ 15 ਲੋਕ ਜ਼ਖਮੀਂ ਹੋਏ। ਪੁਲਿਸ ਅਤੇ ਫੌਜ ਦਾ ਇਹ ਸਾਂਝਾ ਆਪ੍ਰੇਸ਼ਨ ਸੀ। ਇਮਾਰਤ ਤੋਂ ਜੀਪੀਐਸ (ਗਲੋਬਲ ਪੋਜ਼ੀਸ਼ਨਿੰਗ ਸਿਸਟਮ) ਵੀ ਬਰਾਮਦ ਹੋਇਆ ਹੈ। ਮਾਰੇ ਗਏ ਅੱਤਵਾਦੀਆਂ ਕੋਲੋਂ ਅਸਾਲਟ ਰਾਈਫਲਾਂ ਤੋਂ ਇਲਾਵਾ ਚੀਨ ਦੇ ਬਣੇ ਗ੍ਰੇਨੇਡ ਵੀ ਬਰਾਮਦ ਹੋਏ ਹਨ।
ਇਹ ਵੀ ਪੜੋ: Weather update: ‘ਆਮ ਮਾਨਸੂਨ ਦੇ ਬਾਵਜੂਦ 96 ਫੀਸਦ ਮੀਂਹ ਦੀ ਸੰਭਾਵਨਾ’