ਚੰਡੀਗੜ੍ਹ: ਸੂਬੇ ਵਿੱਚ ਗੈਂਗਸਟਰਾਂ 'ਤੇ ਨਕੇਲ ਕੱਸਦਿਆਂ, ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰਾਂ ਦੇ ਤਸਕਰਾਂ ਅਤੇ ਹਾਈਵੇਅ ਲੁਟੇਰਿਆਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ 'ਚ ਗੁਰਪ੍ਰੀਤ ਸਿੰਘ ਉਰਫ਼ ਗੋਰਾ ਅਤੇ ਜਰਮਨਜੀਤ ਸਿੰਘ ਸਣੇ ਦੋ ਭਗੌੜੇ ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇੰਨਾ ਗੈਂਗਸਟਰਾਂ ਕੋਲੋਂ ਹਥਿਆਰਾਂ ਅਤੇ ਸਮੱਗਲ ਕੀਤੇ ਗੋਲਾ-ਬਾਰੂਦ ਦੇ ਨਾਲ ਇੱਕ ਬੁਲੇਟ-ਪਰੂਫ਼ ਜੈਕੇਟ ਵੀ ਬਰਾਮਦ ਕੀਤੀ ਹੈ। ਇਹ ਮੁਜਰਮ ਸਰਹੱਦ ਪਾਰੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਲਈ ਵੀ ਦੋਸ਼ੀ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਜਲੰਧਰ (ਦਿਹਾਤੀ) ਪੁਲਿਸ ਨੇ ਭੋਗਪੁਰ ਤੋਂ ਗ੍ਰਿਫ਼ਤਾਰ ਕੀਤਾ ਅਤੇ ਗੈਂਗਸਟਰਾਂ ਕੋਲੋਂ ਇੱਕ ਬੁਲੇਟ ਪਰੂਫ਼ ਜੈਕਟ, ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦੁਆਰਾ ਮੁਹੱਈਆ ਕਰਵਾਈ ਗਈ। 455 ਬੋਰ ਦੀ ਇੱਕ ਪਿਸਟਲ, ਚਾਰ ਜਿੰਦਾ ਕਾਰਤੂਸ ਸਮੇਤ ਦੋ ਗਲੋਕ 09 ਐਮਐਮ ਪਿਸਤੌਲ, ਇੱਕ ਪੰਪ ਐਕਸ਼ਨ 12 ਬੋਰ ਰਾਈਫਲ, .32 ਬੋਰ ਦਾ ਰਿਵਾਲਵਰ, ਇਕ 30 ਬੋਰ ਦਾ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿਸ ਵਰਨਾ ਕਾਰ ’ਚ ਉਹ ਗੈਂਗਸਟਰ ਜਾ ਰਹੇ ਸਨ, ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਗੁਪਤਾ ਨੇ ਕਿਹਾ ਕਿ ਗੋਰਾ ਪਹਿਲਾਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ, ਹਮਲਾ, ਲੁੱਟ, ਡਕੈਤੀ, ਗੈਂਗਵਾਰ ਅਤੇ ਹੋਰ ਮਿਲਾ ਕੇ ਕੁੱਲ 14 ਮਾਮਲਿਆਂ ਵਿੱਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਇਨ੍ਹਾਂ ਵਿੱਚੋਂ 13 ਮਾਮਲਿਆਂ ਵਿੱਚੋਂ ਇੱਕ ਵਿੱਚ ਭਗੌੜਾ ਵੀ ਕਰਾਰ ਦਿੱਤਾ ਹੋਇਆ ਹੈ।
ਇਸ ਕਾਰਵਾਈ ਦੇ ਵੇਰਵਾ ਦਿੰਦੇ ਹੋਏ ਨਵਜੋਤ ਮਾਹਲ, ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਚਮਕੌਰ ਸਿੰਘ ਨਿਵਾਸੀ ਪਿੰਡ ਬਰਿਆੜ, ਥਾਣਾ ਘੁੰਮਣ ਤੇ ਉਸ ਦਾ ਸਾਥੀ ਜਰਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਜਵੰਦਪੁਰ ਥਾਣਾ ਵੈਰੋਵਾਲ, ਵਰਨਾ ਕਾਰ ਨੰ. ਪੀ ਬੀ 46 ਕਿਊ 49512 ਵਿਚ ਬਹਿਰਾਮ ਵੱਲ ਜਾ ਰਹੇ ਸਨ ਤੇ ਕੁਝ ਘਿਨਾਉਣੇ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ, ਜਿਵੇਂ ਕਿ ਗਨ ਪੁਆਇੰਟ 'ਤੇ ਹਾਈਵੇ ਤੋਂ ਵਾਹਨ ਖੋਹਣਾ। ਸਮੁੱਚੇ ਖੇਤਰ ਵਿਚ ਚੈਕ ਪੋਸਟਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਸੀ ਅਤੇ ਜਲੰਧਰ ਦਿਹਾਤੀ ਪੁਲਿਸ ਦੇ ਵਿਸ਼ੇਸ਼ ਸਟਾਫ਼ ਦੀ ਇਕ ਟੀਮ ਕਾਰ ਸਵਾਰ ਹਮਲਾਵਰਾਂ ਨੂੰ ਫੜਨ ਵਿਚ ਸਫ਼ਲ ਹੋ ਗਈ।
ਟੀਮ ਨੇ ਮੌਕੇ ਤੋਂ ਵਿਦੇਸ਼ੀ ਅਤੇ ਦੇਸੀ ਦੋਵਾਂ ਕਿਸਮਾਂ ਦੇ ਹਥਿਆਰ ਬਰਾਮਦ ਕੀਤੇ, ਜਿਸ ਵਿੱਚ ਚਾਰ ਜਿੰਦਾ ਕਾਰਤੂਸ ਵਾਲੀ 30 ਬੋਰ ਦੀ ਇਕ ਪਿਸਟਲ, 6 ਜਿੰਦਾ ਕਾਰਤੂਸ ਵਾਲੀ, 32 ਬੋਰ ਦੀ ਇਕ ਰਿਵਾਲਵਰ, ਇਕ ਬੁਲੇਟ ਪਰੂਫ ਜੈਕੇਟ ਅਤੇ ਵੱਖ-ਵੱਖ ਅਪਰਾਧਾਂ ਲਈ ਵਰਤੀ ਗਈ ਵਰਨਾ ਕਾਰ ਸ਼ਾਮਲ ਹੈ ।
ਗੁਪਤਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੋਰਾ ਨੇ ਖੁਲਾਸਾ ਕੀਤਾ ਕਿ ਉਸ ਦਾ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨਾਲ ਨੇੜਲਾ ਸੰਪਰਕ ਸੀ, ਜੋ ਕਿ ਪਾਕਿਸਤਾਨ ਅਧਾਰਤ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ, ਮਿਰਜ਼ਾ ਅਤੇ ਅਹਿਦਦੀਨ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਕੋਲੋਂ ਫਿਰੋਜ਼ਪੁਰ ਵਿੱਚੋਂ ਕਈ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਮਿਲੀਆਂ ਸਨ। ਗੁਪਤਾ ਨੇ ਕਿਹਾ ਕਿ ਪਾਕਿਸਤਾਨੀ ਨਸ਼ਾ, ਹਥਿਆਰਾਂ ਦਾ ਤਸਕਰ ਮਿਰਜ਼ਾ ਖਾਲਿਸਤਾਨ ਲਿਬ੍ਰੇਸ਼ਨ ਫੋਰਸ ਲਈ ਭਾਰਤ-ਪਾਕਿ ਸਰਹੱਦ 'ਤੇ ਕੋਰੀਅਰ ਦਾ ਕੰਮ ਕਰ ਰਿਹਾ ਹੈ ਅਤੇ ਕਈ ਹਥਿਆਰਾਂ ਦੀਆਂ ਖੇਪਾਂ ਦੀ ਭਾਰਤ ਵਿਚ ਤਸਕਰੀ ਕਰਦਾ ਸੀ।
ਇਹ ਵੀ ਪਤਾ ਲੱਗਿਆ ਹੈ ਕਿ ਐੱਸਟੀਐੱਫ ਪੰਜਾਬ ਵੱਲੋਂ 24 ਸਤੰਬਰ, 2019 ਨੂੰ ਭਾਰਤ-ਪਾਕਿ ਸਰਹੱਦ ਤੋਂ 05 ਏ.ਕੇ.-47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਇਸ ਖੇਪ ਦਾ ਇੱਕ ਹਿੱਸਾ ਫੜੇ ਗਏ ਅਪਰਾਧੀ ਬਿੱਲਾ ਮੰਡਿਆਲਾ ਨਾਲ ਸਬੰਧਤ ਸੀ। ਇਸ ਤੋਂ ਇਲਾਵਾ, ਬਿੱਲਾ ਮੰਡਿਆਲਾ ਤੋਂ ਬਰਾਮਦ ਕੀਤੇ ਗਏ ਜ਼ਿਆਦਾਤਰ ਹਥਿਆਰ ਵੀ ਭਾਰਤ-ਪਾਕਿ ਸਰਹੱਦ ਤੋਂ ਆਏ ਸਨ ਅਤੇ ਪੁਲਿਸ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਵਿੱਚ ਅੱਤਵਾਦੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਸੀ ਜੋ ਕਿ ਅਜੇ ਵੀ ਜਾਂਚ ਦਾ ਹਿੱਸਾ ਹੈ ਜਿਸ ਦਾ ਪੁਲਿਸ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਨਾਲ ਸ਼ਾਮਲ ਹੋਣ ਦਾ ਸ਼ੱਕ ਸੀ।
ਗੁਪਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੋਂ ਬਰਾਮਦ ਕੀਤੀ ਗਈ ਵਰਨਾ ਕਾਰ ਜਰਮਨਜੀਤ ਸਿੰਘ ਦੀ ਹੈ, ਜੋ ਗੁਰਪ੍ਰੀਤ ਨੂੰ ਪੁਲਿਸ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਸੀ ਅਤੇ ਉਹ ਅਪਰਾਧ ਲਈ ਉਸ ਨੂੰ ਵਾਹਨ ਮੁਹੱਈਆ ਕਰਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਭੋਗਪੁਰ ਥਾਣੇ ਵਿੱਚ ਧਾਰਾ 392, 212, 216 ਏ, 506, ਅਤੇ 120-ਬੀ ਅਤੇ ਆਰਮਜ਼ ਐਕਟ ਦੀਆਂ 25, 27 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।