ਚੰਡੀਗੜ੍ਹ: ਮੁਹਾਲੀ ਜ਼ਿਲ੍ਹੇ ਵਿੱਚ ਇਸ ਸਮੇਂ ਕੋਰੋਨਾ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਹੈ। ਮੁਹਾਲੀ 'ਚ ਕੋਰੋਨਾ ਵਾਇਰਸ ਦੇ 2 ਹੋਰ ਪੌਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਜਲੰਧਰ 'ਚ 7, ਚੰਡੀਗੜ੍ਹ 'ਚ 2 ਹੋਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।
ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦੇ ਡੇਰਾਬੱਸੀ ਬਲਾਕ ਦੇ ਪਿੰਡ ਜਵਾਹਰਪੁਰ ਵਿੱਚ ਕੋਰੋਨਾ ਪੌਜ਼ੀਟਿਵ ਦੇ 2 ਹੋਰ ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਵਿੱਚ ਇੰਨ੍ਹਾਂ ਦੋ ਨਵੇਂ ਮਾਮਲਿਆਂ ਦੇ ਜੁੜਣ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 53 ਤੱਕ ਪੁੱਜ ਗਈ ਹੈ, ਉੱਥੇ ਹੀ ਪਿੰਡ ਜਵਾਹਰਪੁਰ ਵਿਖੇ ਮਰੀਜ਼ਾਂ ਦੀ ਕੁੱਲ ਗਿਣਤੀ 36 ਹੋ ਗਈ ਹੈ।
ਜੇ ਗੱਲ ਕਰੀਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਤਾਂ ਚੰਡੀਗੜ੍ਹ ਵਿੱਚ ਵੀ 2 ਹੋਰ ਕੋਰੋਨਾ ਪੌਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਇੰਨ੍ਹਾਂ ਨਵੇਂ ਮਾਮਲਿਆਂ ਦੇ ਆਉਣ ਨਾਲ ਪੰਜਾਬ ਦੀ ਰਾਜਧਾਨੀ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 14 ਹੋ ਗਈ ਹੈ।
ਉੱਥੇ ਹੀ ਦੁਆਬੇ ਵਿੱਚ ਪੈਂਦੇ ਜਲੰਧਰ ਸ਼ਹਿਰ ਵਿੱਚ ਵੀ ਅੱਜ ਕੋਰੋਨਾ ਵਾਇਰਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਨ੍ਹਾਂ 7 ਨਵੇਂ ਮਾਮਲਿਆਂ ਦੇ ਆਉਣ ਨਾਲ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 22 ਮਾਮਲੇ ਹੋ ਗਏ ਹਨ, ਜਦਕਿ ਇੱਕ ਦੀ ਮੌਤ ਹੋ ਗਈ ਹੈ।