ਚੰਡੀਗੜ੍ਹ: ਸਿਟੀ ਬਿਊਟੀਫੁਲ ਚੰਡੀਗੜ੍ਹ ‘ਚ ਘਰੇਲੂ ਹਿੰਸਾ ਦੇ ਮਾਮਲੇ ਹਰ ਸਾਲ ਵਧਦੇ ਜਾ ਰਹੇ ਹਨ। ਮਹਿਲਾ ਥਾਣਿਆਂ ‘ਚ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਊਂਸਲਿੰਗ ਟੀਮ ਅਹਿਮ ਰੋਲ ਨਿਭਾਉਂਦੀ ਹੈ, ਪਰ ਅੰਕੜੇ ਦੱਸਦੇ ਹਨ ਕਿ ਟੀਮ ਰਿਸ਼ਤਿਆਂ ਨੂੰ ਬਣਾਈ ਰੱਖਣ ‘ਚ ਕੋਈ ਖ਼ਾਸ ਕਾਮਯਾਬ ਨਹੀਂ ਰਹੀ।
ਕੀ ਕਹਿੰਦੇ ਹਨ ਅੰਕੜੇ
ਆਰ.ਟੀ.ਆਈ ਐਕਟੀਵਿਸਟ ਆਰ.ਕੇ ਗਰਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗਡ਼੍ਹ ‘ਚ ਸਾਲ 2019 ਦੌਰਾਨ ਘਰੇਲੂ ਹਿੰਸਾ ਦੀਆਂ 2524 ਸ਼ਿਕਾਇਤਾਂ ਆਈਆਂ, ਜਿਸ ‘ਚੋਂ 1144 ‘ਤੇ ਸਮਝੌਤਾ ਕਰਵਾਇਆ ਗਿਆ ਅਤੇ 178 ਤੇ ਐੱਫ.ਆਈ.ਆਰ ਦਰਜ ਕੀਤੀਆਂ ਗਈਆਂ। ਇਹ ਆਂਕੜਾ 2020 ‘ਚ ਵੱਧ ਕੇ 2784 ਹੋ ਗਿਆ, ਜਿਸ ‘ਚੋਂ 819 ਤੇ ਸਮਝੌਤੇ ਹੋਏ ਅਤੇ 96 ਐਫ.ਆਈ.ਆਰ ਦਰਜ ਹੋਈਆਂ। ਜੇ ਸਾਲ 2021 ਦੀ ਗੱਲ ਕਰੀਏ ਤਾਂ 2 ਮਹੀਨਿਆਂ ‘ਚ ਹੀ 330 ਸ਼ਿਕਾਇਤਾਂ ਆ ਚੁੱਕੀਆਂ ਹਨ, ਜਿਸ ‘ਚੋਂ 105 ’ਤੇ ਸਮਝੌਤੇ ਹੋਏ ਅਤੇ 18 ਐਫ.ਆਈ.ਆਰ ਦਰਜ ਹੋਈਆਂ ਹਨ।
ਇਨ੍ਹਾਂ ਵਧ ਰਹੇ ਅੰਕੜਿਆਂ ’ਤੇ ਆਰ. ਕੇ ਗਰਗ ਨੇ ਕਿਹਾ ਕਿ ਮਹਿਲਾ ਥਾਣਿਆਂ ‘ਚ ਪੁਲਿਸ ਕਰਮੀ ਕਾਊਂਸਲਿੰਗ ਕਰਦੇ ਹਨ, ਜਦੋਂ ਕੇਸ ਤੋਂ ਪਹਿਲਾਂ ਸੋਸ਼ਲ ਵੈਲਫੇਅਰ ਵਿਭਾਗ ਦੀ ਕਾਊਂਸਲਰ ਦੀਆਂ ਵੱਖ-ਵੱਖ ਟੀਮਾਂ ਬਣੀਆਂ ਸਨ, ਜੋ ਮਾਮਲੇ ਨੂੰ ਚੰਗੇ ਢੰਗ ਨਾਲ ਸਮਝ ਕੇ ਉਸ ਦਾ ਨਿਪਟਾਰਾ ਕਰਦੀਆਂ ਸਨ।
ਉਨ੍ਹਾਂ ਕਿਹਾ ਕਿ ਜਿੱਥੇ ਵੱਡੀ ਗੱਲ ਇਹ ਹੈ ਕਿ ਆਂਕੜੇ ਵਧ ਰਹੇ ਹਨ ਉੱਥੇ ਹੀ ਕੇਸ ਖ਼ਤਮ ਕਰਨ ਦੇ ਆਂਕੜੇ ਘੱਟਦੇ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸੋਸ਼ਲ ਵੈੱਲਫੇਅਰ ਵਿਭਾਗ ‘ਚ ਕਾਊਂਸਲਰ ਟੀਮ ਗਠਿਤ ਕੀਤੀ ਜਾਵੇ ਤਾਂ ਜੋ ਘਰੇਲੂ ਹਿੰਸਾ ਦੇ ਵਧਦੇ ਮਾਮਲਿਆਂ ਤੇ ਕੁੱਝ ਠੱਲ੍ਹ ਪਾਈ ਜਾ ਸਕੇ।