ਨਵੀਂ ਦਿੱਲੀ: ਖ਼ੁਰਾਕ, ਜਨਤਕ ਵੰਡ ਪ੍ਰਣਾਲੀ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ‘ਇੱਕ ਰਾਸ਼ਟਰ–ਇੱਕ ਰਾਸ਼ਨ ਕਾਰਡ’ ਯੋਜਨਾ ਨੂੰ ਛੇਤੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਕੀਮ ਅਧਿਨ ਕੋਈ ਵੀ ਭਾਰਤੀ ਨਾਗਰਿਕ ਕਿਸੇ ਦੂਜੇ ਸੂਬੇ 'ਚੋਂ ਕਿਸੇ ਵੀ ਰਾਸ਼ਨ ਦੀ ਦੁਕਾਨ ਤੋਂ ਰਾਸ਼ਨ ਨੂੰ ਸਹੀ ਕੀਮਤ 'ਤੇ ਖ਼ਰੀਦ ਸਕਦਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਯੋਜਨਾ ਲਾਗੂ ਕਰਨ ਲਈ ਇੱਕ ਸਾਲ ਦਾ ਸਮਾਂ ਦਿੱਤਾ ਹੈ।
ਰਾਮਵਿਲਾਸ ਪਾਸਵਾਨ ਨੇ ਸਨਿੱਚਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 30 ਜੂਨ, 2020 ਤੱਕ ਇਹ ਯੋਜਨਾ ਲਾਗੂ ਕਰ ਦਿੱਤੀ ਜਾਵੇਗੀ। ਪਾਸਵਾਨ ਨੇ ਕਿਹਾ ਕਿ ਇਸ ਬਾਰੇ ਸੂਬਿਆਂ ਨੂੰ ਤੇਜ਼ੀ ਨਾਲ ਕੰਮ ਅੱਗੇ ਵਧਾਉਣ ਲਈ ਚਿੱਠੀ ਲਿਖੀ ਹੈ। ਇਸ ਤੋਂ ਬਾਅਦ ਕੋਈ ਵੀ ਲਾਭਪਾਤਰੀ ਕਿਸੇ ਵੀ ਥਾਂ ਤੋਂ ਸਸਤਾ ਰਾਸ਼ਨ ਖ਼ਰੀਦ ਸਕਦਾ ਹੈ। ਇਸ ਨਾਲ ਫ਼ਰਜ਼ੀ ਰਾਸ਼ਨ ਕਾਰਡ ਵੀ ਖ਼ਤਮ ਹੋਣਗੇ।
‘ਇੱਕ ਦੇਸ਼–ਇੱਕ ਟੈਕਸ’ ਦੀ ਤਰਜ਼ ਉੱਤੇ ਇਹ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਸਹੂਲਤ ਨਾਲ ਸ਼ਹਿਰਾਂ ਜਾਂ ਹੋਰਨਾਂ ਸੂਬਿਆਂ ਵੱਲ੍ਹ ਕੂਚ ਕਰ ਚੁੱਕੇ ਨਾਗਰਿਕਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ। ਇਸ ਕਾਨੂੰਨ ਅਧੀਨ ਦੇਸ਼ ਦੇ 80 ਕਰੋੜ ਵਿਅਕਤੀਆਂ ਨੂੰ ਸਸਤੀਆਂ ਦਰਾਂ ਉੱਤੇ ਇੱਕ ਤੋਂ ਤਿੰਨ ਰੁਪਏ ਪ੍ਰਤੀ ਕਿਲੋ ਦੀ ਕੀਮਤ ਉੱਤੇ ਰਾਸ਼ਨ ਉਪਲਬਧ ਕਰਵਾਇਆ ਜਾਂਦਾ ਹੈ।