ਚੰਡੀਗੜ੍ਹ: ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ ਘੱਲੂਘਾਰਾ ਹਫ਼ਤੇ ਦੌਰਾਨ ਆਈਐੱਸਆਈ ਸਮਰਥਨ ਪ੍ਰਾਪਤ ਬੱਬਰ ਖ਼ਾਲਸਾ ਇੰਟਰਨੈਸ਼ਨਲ ਸੰਗਠਨ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਜਿਹਾ ਕਰਕੇ ਪੁਲਿਸ ਨੇ ਸੂਬੇ ਦੀ ਫਿਰਕੂ ਸਦਭਾਵਨਾ ਨੂੰ ਢਾਹ ਲਾਉਣ 'ਤੇ ਕੇਂਦਰਿਤ ਅੱਤਵਾਦੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਪੁਲਿਸ ਦੇ ਬੁਲਾਰੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਗਦੇਵ ਸਿੰਘ ਅਤੇ ਰਵਿੰਦਰਪਾਲ ਸਿੰਘ ਵਜੋਂ ਹੋਈ ਹੈ ਜੋ ਇਸ ਸਮੇਂ ਮਲੇਸ਼ੀਆ ਵਿੱਚ ਰਹਿ ਰਹੇ ਕੁਲਵਿੰਦਰ ਸਿੰਘ ਉਰਫ਼ ਖਾਨਪੁਰੀਆ ਦੇ ਨਿਰਦੇਸ਼ਾਂ 'ਤੇ ਸਲੀਪਰ ਸੈਲਜ਼ ਲਈ ਫੰਡ ਅਤੇ ਹਥਿਆਰ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰ ਰਹੇ ਸਨ।
ਬੁਲਾਰੇ ਮੁਤਾਬਕ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਅੰਮ੍ਰਿਤਸਰ ਨੂੰ ਵਿਸ਼ੇਸ਼ ਸੂਚਨਾ ਮਿਲੀ ਸੀ ਕਿ ਬੱਬਰ ਖਾਲਸਾ ਦੇ ਕਾਰਕੁੰਨ ਕੁਲਵਿੰਦਰ ਸਿੰਘ ਉਰਫ ਖਾਨਪੁਰੀਆ ਨੇ ਸੂਬੇ ਵਿੱਚ ਅੱਤਵਾਦ ਫ਼ੈਲਾਉਣ ਅਤੇ ਫਿਰਕੂ ਸਦਭਾਵਨਾ ਨੂੰ ਢਾਹ ਲਾਉਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਵਿਸ਼ੇਸ਼ ਭਾਈਚਾਰੇ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਹੈ।
ਇਸ ਸਬੰਧੀ ਕੁਲਵਿੰਦਰ ਸਿੰਘ ਉਰਫ਼ ਖਾਨਪੁਰੀਆ ਅਤੇ ਰਵਿੰਦਰਪਾਲ ਪਾਲ ਸਿੰਘ ਵਿਰੁੱਧ ਮਿਤੀ 30 ਮਈ, 2019 ਨੂੰ ਥਾਣਾ ਸਟੇਟ ਸਪੈਸ਼ਲ ਆਪਰੇਸ਼ਨਜ਼ ਸੈੱਲ, ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਾਸਟਰ ਮਾਈਂਡ ਕੁਲਵਿੰਦਰ ਸਿੰਘ ਉਰਫ਼ ਖਾਨਪੁਰੀਆ ਪਹਿਲਾਂ ਵੀ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਹ ਜਨਵਰੀ 2019 ਵਿੱਚ ਪਰਿਵਾਰ ਸਣੇ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਚਲਾ ਗਿਆ ਸੀ ਅਤੇ ਜਾਣਬੁੱਝ ਕੇ ਵਿਦੇਸ਼ਾਂ ਅਤੇ ਭਾਰਤ ਵਿੱਚ ਰਹਿੰਦੇ ਆਪਣੇ ਸਾਥੀਆਂ ਨਾਲ ਤਾਲਮੇਲ ਰਾਹੀਂ ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਵਿੱਚ ਸਰਗਰਮ ਹੋਇਆ।