ਬਠਿੰਡਾ: ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਬੀਬੀ ਦਲੀਪ ਕੌਰ ਟਿਵਾਣਾ ਦਾ ਸ਼ੁੱਕਰਵਾਰ ਨੂੰ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ ਦੇਹਾਂਤ ਹੋ ਗਿਆ ਹੈ। ਦਲੀਪ ਕੌਰ ਟਿਵਾਣਾ ਦੇ ਵਿਛੋੜੇ 'ਤੇ ਪੰਜਾਬੀ ਸਾਹਿਤ ਦੇ ਕਈ ਕਲਾਕਾਰਾਂ, ਸਾਹਿਤਕਾਰਾਂ ਨੇ ਦੁੱਖ ਪ੍ਰਗਟਾਇਆ।
ਡਾ. ਦਲੀਪ ਕੌਰ ਟਿਵਾਣਾ ਦੇ ਸੰਸਾਰ ਨੂੰ ਅਲਵਿਦਾ ਕਹਿਣ 'ਤੇ ਮਸ਼ਹੂਰ ਲੇਖਕ ਅਤੇ ਫ਼ਿਲਮ ਡਾਇਰੈਕਟਰ ਅਮਰਦੀਪ ਗਿੱਲ ਨੇ ਦਲੀਪ ਕੌਰ ਟਿਵਾਣਾ ਦੇ ਦੇਹਾਂਤ 'ਤੇ ਨਮ ਅੱਖਾਂ ਨਾਲ ਉਨ੍ਹਾਂ ਦੀ ਜੀਵਨੀ 'ਤੇ ਚਾਨਣਾ ਪਾਇਆ।
ਇਸ ਦੇ ਨਾਲ ਹੀ ਚਿੱਤਰਕਾਰ ਹਰਦਰਸ਼ਨ ਸਿੰਘ ਸੋਹਲ ਨੇ ਵੀ ਡਾਕਟਰ ਸਾਹਿਬ ਨੂੰ ਭਿੱਜੀਆਂ ਅੱਖਾਂ ਨਾਲ ਸ਼ਰਧਾਂਜਲੀ ਦਿੱਤੀ ਤੇ ਨਾਲ ਹੀ ਕਲਾਕਾਰ ਗੁਰਪ੍ਰੀਤ ਸਿੰਘ ਨੇ ਵੀ ਉਨ੍ਹਾਂ ਦੇ ਸੰਸਾਰ 'ਚੋਂ ਜਾਣ 'ਤੇ ਪੰਜਾਬੀ ਸਾਹਿਤ ਦਾ ਬਹੁਤ ਵੱਡਾ ਘਾਟਾ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਲਿਖੇ ਗਏ ਸਾਹਿਤ ਤੇ ਨਾਵਲਾਂ ਬਾਰੇ ਚਰਚਾ ਕੀਤੀ।
ਤੁਹਾਨੂੰ ਦੱਸ ਦਈਏ, ਡਾ. ਦਲੀਪ ਕੌਰ ਟਿਵਾਣਾ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਨਮੂਨੀਏ ਦੀ ਸ਼ਿਕਾਇਤ ਸੀ ਤੇ ਉਹ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਸਨ। ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝਦੇ ਹੋਏ ਸਾਹਿਤਕਾਰ ਦਲੀਪ ਕੌਰ ਟਿਵਾਣਾ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।