ਬਠਿੰਡਾ: ਜ਼ਿਲ੍ਹੇ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਬਠਿੰਡਾ ਸ਼ਹਿਰ ਦੀ ਮੁੱਖ ਅਨਾਜ ਮੰਡੀ ਵਿੱਚ ਨਾ ਦੇ ਬਰਾਬਰ ਕਣਕ ਪੁੱਜੀ ਹੈ। ਅੱਜ ਸ਼ਾਮ ਤੱਕ ਤਿੰਨ ਟਰਾਲੀ ਕਣਕ ਮੰਡੀ ਵਿੱਚ ਪੁੱਜੀ।
ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਇਸ ਵਾਰ 50 ਕੁਇੰਟਲ ਕਣਕ ਲਿਆਉਣ ਦੇ ਪਾਸ ਦਿੱਤੇ ਹਨ ਜੋ ਕਿ ਕਾਫੀ ਘੱਟ ਹੈ। ਕਿਸਾਨ ਦਾ ਇਸ ਵਿੱਚ ਖਰਚਾ ਜ਼ਿਆਦਾ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਵੱਧ ਕਣਕ ਲਿਆਉਣ ਦੀ ਇਜਾਜ਼ਤ ਦੇਵੇ ਤਾਂ ਕਿ ਉਨ੍ਹਾਂ ਦਾ ਖਰਚਾ ਨਾ ਵਧੇ।
ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਲੇਬਰ ਪਹਿਲਾਂ ਤੋਂ ਹੀ ਨਹੀਂ ਮਿਲ ਰਹੀ ਹੈ, ਉਨ੍ਹਾਂ ਨੂੰ ਹੁਣ ਅੱਗੇ ਦੀ ਫਸਲ ਦੀ ਚਿੰਤਾ ਵੀ ਸਤਾ ਰਹੀ ਹੈ। ਕਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੀਦ ਸੈਂਟਰ ਵਿੱਚ ਸੈਨੇਟਾਈਜੇਸ਼ਨ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ। ਕਿਸਾਨਾਂ ਵਾਸਤੇ ਬਕਾਇਦਾ ਨਿਸ਼ਾਨ ਲਗਾ ਦਿੱਤੇ ਗਏ ਹਨ ਤਾਂ ਕਿ ਕਿਸਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਨਾ ਕਰਨ।
ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਉਣ ਵਾਲੇ ਕੁਝ ਦਿਨਾਂ ਵਿੱਚ ਕਣਕ ਦੀ ਆਮਦ ਹੋਰ ਤੇਜ਼ ਹੋ ਜਾਵੇਗੀ ਤੇ ਸਰਕਾਰ ਦਾ ਟੀਚਾ ਪੂਰਾ ਹੋ ਜਾਵੇਗਾ।