ਬਠਿੰਡਾ: ਦੇਸ਼ ਦੇ ਉੱਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਬਠਿੰਡਾ ਦੇ ਭਿਸੀਆਣਾ ਏਅਰਪੋਰਟ 'ਤੇ ਪਹੁੰਚਣਗੇ। ਇਸ ਦੇ ਮੱਦੇਨਜ਼ਰ ਦੋ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਸਖ਼ਤ (Vice President in punjab today) ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ੍ਰੀ ਮੁਕਤਸਰ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਅਤੇ ਐਸਐਸਪੀ ਬਠਿੰਡਾ ਜੇ ਇਲਨਚੇਲੀਅਨ ਨੇ ਦੱਸਿਆ ਕਿ ਏਅਰਪੋਰਟ ਉੱਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਵੀਵੀਆਈਪੀ ਦੀ ਆਮਦ ਕਰਕੇ ਅਲਰਟ: ਐਸਐਸਪੀ ਬਠਿੰਡਾ ਜੇ ਇਲਨਚੇਲੀਅਨ ਨੇ ਕਿਹਾ ਕਿ ਵੀਵੀਆਈਪੀ ਦੀ ਆਮਦ ਕਰਕੇ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਜ਼ਿਲ੍ਹੇ ਦੇ ਸਮੂਹ ਥਾਣਿਆਂ ਨੂੰ ਅਲਰਟ ਤੇ ਰੱਖਿਆ ਗਿਆ ਹੈ। ਇਸ ਮੌਕੇ ਪੁਲਿਸ ਵੱਲੋਂ ਆਉਣ ਜਾਣ ਵਾਲਿਆਂ ਉਪਰ ਸਖ਼ਤ ਨਿਗਾ ਰੱਖੀ ਜਾ ਰਹੀ ਹੈ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਵਿੱਚ ਐਸਪੀ ਅਤੇ ਡੀਐਸਪੀ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਅਤੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਹੋਰ ਵਿੰਗ ਤਾਇਨਾਤ ਕੀਤੇ ਗਏ ਹਨ।
ਡਾਗ ਸਕੁਐਡ ਦੀਆਂ ਟੀਮਾਂ ਵੀ ਅਲਰਟ 'ਤੇ: ਇਸ ਤੋਂ ਇਲਾਵਾ ਖੁਫੀਆ ਵਿਭਾਗ ਪਲ ਪਲ ਦੀ ਜਾਣਕਾਰੀ ਇਕੱਠੀ ਕਰ ਰਿਹਾ ਹੈ। ਏਅਰਪੋਰਟ ਨੂੰ ਆਉਣ ਦੇ ਨਵੇਂ ਰਸਤਿਆਂ ਉੱਪਰ ਚੱਪੇ ਚੱਪੇ ਉੱਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਬੀਤੇ ਦਿਨੀਂ ਤਰਨ ਤਾਰਨ ਦੇ ਥਾਣਾ ਸਰਹਾਲੀ ਵਿਖੇ ਆਰਪੀਜੀ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਐਸਐਸਪੀ ਮੁਤਾਬਕ ਕੁਇਕ ਰਿਸਪਾਂਸ ਟੀਮ (QRT) ਅਤੇ ਡਾਗ ਸਕੁਐਡ ਦੀਆਂ ਟੀਮਾਂ ਵੀ ਅਲਰਟ ਉੱਤੇ ਹਨ।
ਥਾਣਾ ਸਿਵਲ ਲਾਈਨ 'ਚ ਬਣਾਇਆ ਬੰਕਰ: ਥਾਣਿਆਂ 'ਤੇ ਹੋਏ ਹਮਲੇ ਤੋਂ ਸੁਰੱਖਿਆ ਦੇ ਮੱਦੇਨਜ਼ਰ ਥਾਣਾ ਸਿਵਲ ਲਾਈਨ ਦੇ ਮੁੱਖ ਗੇਟ ਦੇ ਨਾਲ ਬੰਕਰ ਵੀ ਬਣਾਇਆ ਗਿਆ ਹੈ। ਇਸ ਨੂੰ ਇੱਟ-ਪੱਥਰ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ ਸਟਾਫ ਅਤੇ ਪੁਲਿਸ ਲਾਈਨ ਸਮੇਤ ਰਿਜ਼ਰਵ ਸਟਾਫ਼ ਨੂੰ ਵੀ ਹਰ ਪਲ ਤਿਆਰ ਰਹਿਣ ਲਈ ਕਿਹਾ ਗਿਆ ਹੈ। ਫਿਲਹਾਲ ਜ਼ਿਲ੍ਹਾ ਪੁਲਿਸ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਜੋ ਸਮੇਂ ਸਿਰ ਹਰ ਸਥਿਤੀ ਨਾਲ ਨਿਪਟਿਆ ਜਾ ਸਕੇ।
ਇਹ ਵੀ ਪੜ੍ਹੋ: ਲੁਧਿਆਣਾ ਬਾਹਰੀ ਇਲਾਕੇ ਦੀਆਂ ਚੌਂਕੀਆਂ 'ਚ ਅਲਰਟ, ਵੇਖੋ ਗਰਾਊਂਡ ਜ਼ੀਰੋ ਤੋਂ ਰਿਪੋਰਟ