ਬਠਿੰਡਾ: ਪਿਛਲੇ ਦੋ ਦਿਨਾਂ ਤੋਂ ਹੋ ਰਹੀ ਤੇਜ਼ ਬਾਰਸ਼ ਦੇ ਨਾਲ ਝੱਖੜ ਅਤੇ ਗੜ੍ਹੇਮਾਰੀ ਨੇ ਮਾਲਵੇ ਵਿੱਚ ਫ਼ਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਇਸ ਚੱਕਰ ਅਤੇ ਗੜ੍ਹੇਮਾਰੀ ਕਾਰਨ 50 ਪ੍ਰਤੀਸ਼ਤ ਕਣਕ ਦੀ ਫਸਲ ਬਰਬਾਦ ਹੋ ਚੁੱਕੀ ਹੈ ਅਤੇ ਹਾਲੇ ਵੀ ਖੇਤਾਂ ਵਿੱਚ ਮੀਂਹ ਦਾ ਪਾਣੀ ਖੜਾ ਹੈ ਜਿਸ ਨੁਕਸਾਨ ਹੋਰ ਵਧਣ ਦਾ ਖਦਸ਼ਾ ਹੈ। ਬਠਿੰਡਾ ਦੇ ਨੇੜਲੇ ਪਿੰਡਾਂ ਵਿਚ ਤੇਜ਼ ਝੱਖੜ ਅਤੇ ਹੋਈ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਵਿਛੀ ਹੀ ਹੈ ਅਤੇ ਦੂਜੇ ਪਾਸੇ ਇਸ ਝੱਖੜ ਅਤੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਦੇ ਨਾਲ ਨਾਲ ਸਬਜ਼ੀਆਂ, ਸਰੋਂ ਅਤੇ ਆਲੂ ਦੀ ਫਸਲ ਉੱਪਰ ਵੀ ਕਾਫ਼ੀ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਮੀਂਹ ਅਤੇ ਗੜ੍ਹੇਮਾਰੀ ਕਾਰਨ ਫਸਲਾਂ ਬੁਰੀ ਤਰ੍ਹਾਂ ਬਰਬਾਦ: ਪਿੰਡ ਨਰੂਆਣਾ ਦੇ ਕਿਸਾਨ ਜਸਪ੍ਰੀਤ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਹੋਏ ਤੇਜ਼ ਮੀਂਹ ਅਤੇ ਗੜ੍ਹੇਮਾਰੀ ਕਾਰਨ ਫਸਲਾਂ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮੀਂਹ ਅਤੇ ਗੜ੍ਹੇਮਾਰੀ ਕਰਕੇ ਕਣਕ, ਆਲੂ ਅਤੇ ਸਬਜ਼ੀਆਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਤਾਂ ਸੌ ਪ੍ਰਤੀਸ਼ਤ ਹੀ ਖਤਮ ਹੋ ਚੁੱਕੀਆਂ ਹਨ ਜਦੋਂ ਕਿ ਕਣਕ ਦਾ ਝਾੜ ਲਗਭਗ ਪੰਜਾਹ ਪ੍ਰਤੀਸ਼ਤ ਇਸ ਗੜੇਮਾਰੀ ਕਾਰਨ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਹਾਲੇ ਵੀ ਪਾਣੀ ਖੜ੍ਹਾ ਹੈ ਜਿਸ ਕਾਰਨ ਕਣਕ ਦੇ ਬੂਟੇ ਕਮਜ਼ੋਰ ਹੋਣ ਝਾੜ ਘਟਣਾ ਵੀ ਤੈਅ ਹੈ।
ਸਬਜ਼ੀਆਂ ਮੀਂਹ ਅਤੇ ਗੜ੍ਹੇਮਾਰੀ ਕਾਰਨ ਬਰਬਾਦ: ਉਨ੍ਹਾਂ ਕਿਹਾ ਕਿ ਆਲੂਆਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਅਤੇ ਸਬਜ਼ੀਆਂ ਵੀ ਬਹੁਤ ਘੱਟ ਇਸ ਗੜ੍ਹੇਮਾਰੀ ਦੀ ਮਾਰ ਤੋਂ ਬਚੀਆਂ ਹਨ। ਆਉਂਦੇ ਦਿਨਾਂ ਵਿੱਚ ਸਬਜ਼ੀਆਂ ਦੇ ਰੇਟ ਵਧਣ ਦੀ ਸੰਭਾਵਨਾ ਹੈ ਕਿਉਂਕਿ ਸਬਜ਼ੀਆਂ ਮੀਂਹ ਅਤੇ ਗੜ੍ਹੇਮਾਰੀ ਕਾਰਨ ਬਰਬਾਦ ਹੋ ਚੁੱਕੀਆਂ ਹਨ। ਕਿਸਾਨਾਂ ਨੇ ਸਰਕਾਰ ਵੱਲੋਂ ਗਰਦਾਵਰੀ ਦੇ ਦਿੱਤੇ ਗਏ ਹੁਕਮਾਂ ਸਬੰਧੀ ਬੋਲਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਮੌਸਮ ਦੀ ਮਾਰ ਕਾਰਨ ਬਰਬਾਦ ਫਸਲਾਂ ਦੇ ਮੁਆਵਜ਼ੇ ਸਬੰਧੀ ਗਰਦਾਵਰੀਆਂ ਕਰਵਾਈਆਂ ਜਾਂਦੀਆਂ ਰਹੀਆਂ ਹਨ ਪਰ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਈ ਕਿਸਾਨਾਂ ਨੂੰ ਤਾਂ ਹਾਲੇ ਤੱਕ ਮੁਆਵਜ਼ੇ ਸਬੰਧੀ ਦਫਤਰਾਂ ਦੇ ਗੇੜੇ ਕੱਢਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਐਲਾਨ ਕਰਦੀ ਰਹੇ ਪਰ ਕਿਸਾਨਾਂ ਨੂੰ ਮੁਆਵਜ਼ਾ ਸੜਕਾਂ ਰੋਕ ਕੇ ਅਤੇ ਡੀਸੀ ਦਫ਼ਤਰਾਂ ਅੱਗੇ ਪ੍ਰਦਰਸ਼ਨ ਕਰਕੇ ਹੀ ਮਿਲੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਫਸਲਾਂ ਦੀ ਗਿਰਦਾਵਰੀ ਕਰਵਾ ਕੇ 15 ਦਿਨ ਦੇ ਅੰਦਰ ਮੁਆਵਜ਼ਾ ਜਾਰੀ ਕੀਤਾ ਜਾਵੇ।