ਬਠਿੰਡਾ: CAA ਨੂੰ ਲੈ ਕੇ ਜਿਥੇ ਵੱਖ-ਵੱਖ ਥਾਵਾਂ 'ਤੇ ਵਿਰੋਧ ਹੋ ਰਿਹਾ ਹੈ, ਉਥੇ ਹੀ ਭਾਜਪਾ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਪਹੁੰਚ ਕਾਨੂੰਨ ਪ੍ਰਤੀ ਜਾਗਰੂਕ ਕਰ ਰਹੀ ਹੈ। ਭਾਜਪਾ ਵੱਲੋਂ ਹਾਈ ਕਮਾਨ ਦੇ ਦਿਸ਼ਾ ਨਿਰੇਦੇਸ਼ਾ ਅਧੀਨ ਜਨ ਜਾਗਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਬਠਿੰਡਾ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੇਂਦਰੀ ਮੰਤਰੀ ਅਰਜਨ ਰਾਮ ਮੇਘਵਾਲ ਨੇ ਪ੍ਰਦੇਸ਼ ਦਾ ਦੌਰਾ ਕੀਤਾ ਤੇ ਡੋਰ-ਟੂ-ਡੋਰ ਕੈਂਪੇਨ ਦੀ ਸ਼ੁੁਰੂਆਤ ਕੀਤੀ। ਮੇਘਵਾਲ ਨੇ ਪ੍ਰੈਸ ਕਾਨਫਰੰਸ ਕਰ ਲੋਕਾਂ ਨੂੰ ਜਨ ਜਾਗਰਣ ਮੁਹਿੰਮ ਬਾਰੇ ਜਾਣੂ ਕਰਵਾਈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ 250 ਦੇ ਕਰੀਬ ਸੂਬਿਆਂ ਵਿੱਚ ਪ੍ਰੈਸ ਕਾਨਫਰੰਸ ਕਰੇਗੀ। ਉਨ੍ਹਾਂ ਕਿਹਾ, ਇਸ ਮੁਹਿੰਮ ਦੇ ਨਾਲ 1 ਲੱਖ ਦੇ ਕਰੀਬ ਛੋਟੀਆਂ ਤੇ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਇਸ ਤਹਿਤ ਘੱਟੋ ਘੱਟ 3 ਕਰੋੜ ਲੋਕਾਂ ਨੂੰ ਜਾਗਰੂਕ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਕੋਈ ਵੰਡ ਪਾਊ ਕਾਨੂੰਨ ਨਹੀਂ ਹੈ। ਮੇਘਵਾਲ ਨੇ ਕਾਂਗਰਸ ਤੇ ਤੰਜ ਕੱਸਦੀਆਂ ਕਿਹਾ ਕਿ ਪਹਿਲਾਂ ਜਦੋਂ ਕਾਂਗਰਸ ਨੇ ਯੁਗਾਂਡਾ ਤੇ ਤਾਮਿਲ ਦੇ ਸ਼ਰਨਾਰਥੀਆਂ ਨੂੰ ਇਸ ਕਾਨੂੰਨ ਅਧੀਨ ਭਾਰਤ 'ਚ ਲਿਆਂਦਾ ਸੀ ਉਸ ਵੇਲੇ ਇਹ ਕਾਨੂੰਨ ਗਲ਼ਤ ਨਹੀਂ ਸੀ ਪਰ ਹੁਣ ਜਦੋਂ ਮੋਦੀ ਸਰਕਾਰ ਨੇ ਇਸ ਕਾਨੂੰਨ ਨੂੰ ਲੋਕ ਭਲਾਈ ਲਈ ਲੈ ਕੇ ਆਈ ਹੈ ਤਾਂ ਕਾਂਗਰਸ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਸਿਆਸਤ ਲਈ ਆਮ ਜਨਤਾ ਨੂੰ ਕਾਨੂੰਨ ਬਾਰੇ ਗੁੰਮਰਾਹ ਕਰ ਰਹੀ ਹੈ।