ਬਠਿੰਡਾ: ਇੱਕ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਖਤਾ ਇੰਤਜਾਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸਦੀ ਜਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ। ਮਾਮਲਾ ਬਠਿੰਡਾ ਦੇ ਪਿੰਡ ਲਹਿਰਾਖਾਨਾ ਦੀ ਹੈ ਜਿੱਥੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ ਨੌਜਵਾਨ ਸਾਬਕਾ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ਦੇ ਸਾਥੀ ਹਨ। ਫਿਲਹਾਲ ਮੌਕੇ ’ਤੇ ਪੁਲਿਸ ਦੀ ਟੀਮ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਮਨਪ੍ਰੀਤ ਸਿੰਘ ਛੱਲਾ ਸਿੱਧੂ 32 ਪੁੱਤਰ ਸੁਖਦੇਵ ਸਿੰਘ ਵਾਸੀ ਲਹਿਰਾ ਖਾਨਾ ਅਤੇ ਵਿੱਕੀ ਸਿੰਘ (26) ਪੁੱਤਰ ਗੁਰਸੇਵਕ ਸਿੰਘ ਸਾਬਕਾ ਸਰਪੰਚ ਲਹਿਰਾ ਬੇਗਾ ਦੋਵੇਂ ਹਮਲੇ ’ਚ ਮਾਰੇ ਗਏ ਹਨ। ਜ਼ਖਮੀ ਹਾਲਤ ਚ ਦੋਹਾਂ ਨੂੰ ਮੁੱਢਲੀ ਸਹਾਇਤਾ ਦੇ ਲਈ ਨੇੜੇ ਦੇ ਹਸਪਤਾਲ ਚ ਭੇਜਿਆ ਗਿਆ ਸੀ।
ਇਹ ਵੀ ਪੜੋ: ਘਰਵਾਲੀ ਦੇ ਕਤਲ ਨੂੰ ਹਾਦਸਾ ਬਣਾਉਣ ਦੀ ਕੋਸ਼ਿਸ਼ ਕਰਨ ਵਾਲਾ ਪਤੀ ਗ੍ਰਿਫਤਾਰ
ਮਾਮਲੇ ਸਬੰਧੀ ਐਸਐਸਪੀ ਅਜੇ ਮੌਜਲਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਛੱਲਾ ਦੀ ਤਾਈਂ ਦਾ ਭੋਗ ਸੀ ਜਿਸ ਕਾਰਨ ਇਹ ਸਾਰੇ ਜਣੇ ਗੁਰਦੁਆਰਾ ਸਾਹਿਬ ਚ ਇੱਕਠੇ ਹੋਏ ਸੀ ਜਿਵੇਂ ਹੀ ਇਹ ਸਾਰੇ ਜਣੇ ਬਾਹਰ ਆਏ ਤਾਂ ਇਨ੍ਹਾਂ ’ਤੇ ਕੁਝ ਗੱਡੀ ਸਵਾਰ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਐਸਐਸਪੀ ਨੇ ਅੱਗੇ ਦੱਸਿਆ ਕਿ ਜਾਂਚ ਦੇ ਦੌਰਾਨ ਉਨ੍ਹਾਂ ਨੂੰ 10 ਖੋਲ ਬਰਾਮਦ ਹੋਏ ਹਨ। ਫਿਲਹਾਲ ਹੁਣ ਤੱਕ ਤਿੰਨ ਚਾਰ ਹਮਲਾਵਾਰ ਦੱਸੇ ਜਾ ਰਹੇ ਹਨ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਉਧਰ ਬਠਿੰਡਾ ਦੇ ਪਿੰਡ ਲਹਿਰਾ ਖਾਨਾ ਵਿਖੇ ਹੋਏ ਇਸ ਦੋਹਰੇ ਕਤਲ ਕਾਂਡ ਦੀ ਜ਼ਿੰਮੇਵਾਰੀ ਭੱਲਾ ਗਰੁੱਪ ਨੇ ਸੋਸ਼ਲ ਮੀਡੀਆ ਉੱਪਰ ਲਈ ਹੈ। ਇਸ ਸਬੰਧੀ ਸੁੱਖਾ ਦੁਨੀਕੇ ਦੀ ਫੇਸਬੁੱਕ ਆਈ ਡੀ ਤੋਂ ਪੋਸਟ ਪਾਈ ਗਈ, ਜਿਸ 'ਚ ਉਨ੍ਹਾਂ ਲਿਖਿਆ ਕਿ ਉਕਤ ਮ੍ਰਿਤਕ ਨੌਜਵਾਨ ਗੈਂਗਸਟਰ ਕੁਲਬੀਰ ਨਰੂਆਣਾ ਬਣਨ ਨੂੰ ਫਿਰਦੇ ਸਨ। ਜਿਸ ਕਾਰਨ ਇੰਨਾਂ ਨੂੰ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਨਜ਼ਾਇਜ ਕਿਸੇ ਨੂੰ ਤੰਗ ਨਹੀਂ ਕਰਦੇ ਪਰ ਜੇਕਰ ਕੋਈ ਭੱਲਾ ਬਠਿੰਡਾ ਅਤੇ ਫਤਹਿ ਨਗਰੀ ਵੱਲ ਮਾੜੀ ਨਿਗ੍ਹਾ ਨਾਲ ਵੇਖੇਗਾ ਤਾਂ ਉਸ ਦਾ ਇਹ ਹੀ ਅੰਜ਼ਾਮ ਹੋਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਦੋਂ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ 'ਤੇ ਬਠਿੰਡਾ ਰਿੰਗ ਰੋਡ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਭਲਾ ਗਰੁੱਪ ਵਲੋਂ ਹੀ ਉਸ ਦੀ ਜਿੰਮੇਵਾਰੀ ਲਈ ਗਈ ਸੀ।