ਬਠਿੰਡਾ: ਰਾਮਾ ਰੋਡ 'ਤੇ ਵੀਰਵਾਰ ਦੀ ਰਾਤ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕ ਬਾਈਕ 'ਤੇ ਸਵਾਰ ਹੋ ਕੇ ਬਠਿੰਡਾ ਵੱਲ ਆ ਰਹੇ ਸਨ ਕਿ ਇੱਕ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਅਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੇਵਾ ਸੁਸਾਇਟੀ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਮੈਡੀਕਲ ਐਮਰਜੈਂਸੀ ਅਫ਼ਸਰ ਡਾ. ਖੁਸ਼ਦੀਪ ਨੇ ਦੱਸਿਆ ਕਿ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਦੂਜੇ ਦੀ ਮੌਤ ਜ਼ੇਰੇ ਇਲਾਜ ਸਿਵਲ ਹਸਪਤਾਲ ਵਿਖੇ ਹੋਈ ਸੀ। ਮ੍ਰਿਤਕ ਦੀ ਪਹਿਚਾਣ ਵਿਸ਼ਨੂੰ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਦੇ ਤੌਰ 'ਤੇ ਹੋਈ ਹੈ।
ਦੋਵੇਂ ਨੇਪਾਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜਦਕਿ ਇਸ ਵੇਲੇ ਦੋਵੇਂ ਬਠਿੰਡਾ ਆਪਣੇ ਪਰਿਵਾਰ ਨਾਲ ਰਹਿੰਦੇ ਸੀ। ਮ੍ਰਿਤਕ ਵਿੱਚੋਂ ਇੱਕ ਢਾਬੇ ਅਤੇ ਇੱਕ ਕਲੱਬ ਵਿੱਚ ਨੌਕਰੀ ਕਰਦਾ ਸੀ। ਪੁਲਿਸ ਨੇ ਅਗਿਆਤ ਟਰੱਕ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।