ਬਠਿੰਡਾ: ਰੈੱਡ ਕਰਾਸ ਸੋਸਾਇਟੀ 'ਚ ਐਂਬੂਲੈਂਸ ਚਲਾਉਣ ਵਾਲਾ ਗੁਰਨਾਮ ਸਿੰਘ ਨਾਂਅ ਦਾ ਸ਼ਖਸ ਇਨ੍ਹੀਂ ਦਿਨੀਂ ਲੋਕਾਂ 'ਚ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਦਰਅਸਲ ਗੁਰਨਾਮ ਸਿੰਘ ਮੋਟਰਸਾਈਕਲ 'ਤੇ ਚੜ੍ਹ ਕੇ ਸਟੰਟ ਕਰਦਾ ਹੈ ਅਤੇ ਜਦੋਂ ਉਹ ਰਸਤੇ 'ਚ ਸਟੰਟ ਕਰਦਾ ਹੋਇਆ ਜਾਂਦਾ ਹੈ ਤਾਂ ਲੋਕ ਆਪਣਾ ਕੰਮ ਛੱਡ ਕੇ ਉਸ ਨੂੰ ਵੇਖਣ ਲਈ ਮਜਬੂਰ ਹੋ ਜਾਂਦੇ ਹਨ।
ਗੁਰਨਾਮ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਉਹ 16 ਸਾਲ ਪਹਿਲਾਂ ਬਠਿੰਡਾ ਆਇਆ ਸੀ। ਲਗਭਗ ਪਿਛਲੇ 25 ਸਾਲਾਂ ਤੋਂ ਉਹ ਮੋਟਰਸਾਈਕਲ ਤੇ ਚੜ੍ਹ ਕੇ ਸਟੰਟ ਕਰਦਾ ਆ ਰਿਹਾ ਹੈ ਅਤੇ ਲੋਕਾਂ 'ਚ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ।
ਇਹ ਸਟੰਟਮੈਨ ਮੋਟਰਸਾਈਕਲ 'ਤੇ ਬੈਠ ਕੇ ਕਦੇ ਅਖ਼ਬਾਰ ਪੜ੍ਹਦਾ ਹੈ ਤੇ ਕਦੇ ਮੋਟਰਸਾਈਕਲ 'ਤੇ ਲੇਟ ਜਾਂਦਾ ਹੈ। ਉਹ ਕਦੇ ਭੰਗੜੇ ਪਾਉਂਦਾ ਹੋਇਆ ਮੋਟਰਸਾਈਕਲ 'ਤੇ ਸਿੱਧਾ ਖੜ੍ਹਾ ਹੋ ਕੇ ਆਪਣੀ ਕਮੀਜ਼ ਉਤਾਰਦਾ ਅਤੇ ਕਦੇ ਮੁੜ ਪਾਉਂਦਾ ਹੈ।
ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਇਸ ਮੋਟਰਸਾਈਕਲ ਅਤੇ ਹੋਰ ਵ੍ਹੀਕਲਾਂ 'ਤੇ ਲੰਬੇ ਸਮੇਂ ਤੋਂ ਕਰਤਬ ਕੀਤੇ ਜਾਣ ਨੂੰ ਲੈ ਕੇ ਪਰਿਵਾਰ 'ਚ ਕਾਫ਼ੀ ਨਾਰਾਜ਼ਗੀ ਰਹਿੰਦੀ ਹੈ ਪਰ ਇਸ ਤਰੀਕੇ ਦੇ ਅਵੱਲੇ ਸ਼ੌਂਕ ਰੱਖਣ ਵਾਲਾ ਗੁਰਨਾਮ ਸਿੰਘ ਰੋਜ਼ ਇਸ ਤਰੀਕੇ ਦੇ ਸਟੰਟ ਕਰਦਾ ਹੈ।