ਚੰਡੀਗੜ੍ਹ: ਬਠਿੰਡਾ ਮਿਲਟਰੀ ਸਟੇਸ਼ਨ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹੁਣ ਭਾਰਤੀ ਫੌਜ ਨੇ ਅਧਿਕਾਰਿਤ ਬਿਆਨ ਜਾਰੀ ਕੀਤਾ ਹੈ। ਬਿਆਨ ਦੌਰਾਨ ਭਾਰਤੀ ਫੌਜ ਨੇ ਕਿਹਾ ਕਿ ਸਰਚ ਟੀਮ ਨੇ ਮੈਗਜ਼ੀਨ ਸਮੇਤ ਇੰਸਾਸ ਰਾਈਫਲ ਬਰਾਮਦ ਕੀਤੀ ਹੈ। ਬਿਆਨ ਵਿੱਚ ਅੱਗੇ ਕਿਹਾ ਗਿਆ ਫੌਜ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਹੁਣ ਹੋਰ ਵੇਰਵੇ ਪ੍ਰਾਪਤ ਕਰਨ ਲਈ ਹਥਿਆਰ ਦਾ ਫੋਰੈਂਸਿਕ ਵਿਸ਼ਲੇਸ਼ਣ ਕਰਨਗੀਆਂ। ਉਨ੍ਹਾਂ ਕਿਹਾ ਕਿ ਫੋਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਹੀ ਬਾਕੀ ਖੋਲ੍ਹ ਜਾਂ ਜ਼ਿੰਦਾ ਕਾਰਤੂਸ ਸਬੰਧੀ ਜਾਣਕਾਰੀ ਮਿਲ ਸਕੇਗੀ।
ਇਸ ਤੋਂ ਪਹਿਲਾਂ ਦਰਜ ਹੋਇਆ ਮਾਮਲਾ: ਇਸ ਤੋਂ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦਾ ਕੋਈ ਵੀ ਸੁਰਾਗ ਜਾਂਚ ਕਰ ਰਹੀਆਂ ਟੀਮਾਂ ਦੇ ਹੱਥ ਨਹੀਂ ਲੱਗਿਆ ਸੀ। ਹੁਣ ਜਾਂਚ ਮਗਰੋਂ ਹੋਲੀ-ਹੋਲੀ ਪਰਤਾਂ ਖੁੱਲ੍ਹ ਰਹੀਆਂ ਨੇ ਤਾਂ ਬਠਿੰਡਾ ਛਾਉਣੀ ਅੰਦਰ ਵਾਰਦਾਤ ਸਮੇਂ ਮੌਜੂਦ ਦੱਸੇ ਜਾ ਰਹੇ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨਾਂ ਉੱਤੇ ਬਠਿੰਡਾ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੇਜਰ ਆਸ਼ੂਤੋਸ਼ ਮੁਤਾਬਿਕ ਫਾਇਰ ਕਰਨ ਵਾਲੇ ਚਿੱਟੇ ਕੁੜਤੇ ਪਜਾਮੇ ਵਿੱਚ ਆਏ ਸਨ, ਇੱਕ ਦੇ ਹੱਥ ਵਿੱਚ ਰਾਈਫਲ ਅਤੇ ਦੂਸਰੇ ਦੇ ਹੱਥ ਵਿੱਚ ਕੁਹਾੜੀ ਸੀ। ਇਸ ਤੋਂ ਪਹਿਲਾਂ ਜਾਂਚ ਟੀਮਾਂ ਵਿੱਚ ਸ਼ਾਮਿਲ ਬਠਿੰਡਾ ਪੁਲਿਸ ਦੇ ਐੱਸਪੀਡੀ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਵਾਰਦਾਤ ਕਿਸ ਕਾਰਣ ਹੋਈ ਇਹ ਸਪੱਸ਼ਟ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਚਸ਼ਮਦੀਦਾਂ ਮੁਤਾਬਿਕ ਦੋ ਹਮਲਾਵਰਾਂ ਨੇ ਸਿਵਲ ਕੱਪੜਿਆਂ ਵਿੱਚ ਆਕੇ ਫਾਇਰਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਇੰਸਾਸ ਰਾਈਫਲ ਦਾ ਇਸਤੇਮਾਲ ਕੀਤਾ ਗਿਆ ਹੈ। ਵਾਰਦਾਤ ਵਾਲੀ ਜਗ੍ਹਾ ਤੋਂ ਜਾਂਚ ਦੌਰਾਨ 19 ਖੋਲ੍ਹ ਵੀ ਬਰਾਮਦ ਕੀਤੇ ਗਏ ਹਨ। ਐੱਸਪੀਡੀ ਨੇ ਦੋਹਰਾਇਆ ਕਿ ਇੰਨੀ ਵੱਡੀ ਘਟਨਾ ਦਾ ਕੀ ਕਾਰਣ ਸੀ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ। ਵਾਰਦਾਤ ਵਿੱਚ ਕਿਸੇ ਵੀ ਤਰ੍ਹਾਂ ਦੇ ਟੈਰਰ ਐਂਗਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਆਪਸੀ ਝੜਪ ਦੌਰਾਨ ਫਾਇਰਿੰਗ: ਕੁੱਝ ਮੀਡਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਗੋਲੀਬਾਰੀ ਮਿਲਟਰੀ ਸਟੇਸ਼ਨ ਦੇ ਅਫਸਰਾਂ ਦੀ ਮੇੈਸ 'ਚ ਹੋਈ। ਬਠਿੰਡਾ ਦੇ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਇਸ ਹਮਲੇ ਨੂੰ ਅੱਤਵਾਦੀ ਘਟਨਾ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਫੌਜੀਆਂ ਦੀ ਆਪਸੀ ਝੜਪ ਦੌਰਾਨ ਫਾਇਰਿੰਗ ਹੋਈ ਹੈ। ਪੁਲਿਸ ਸੂਤਰਾਂ ਮੁਤਾਬਿਕ ਬੁੱਧਵਾਰ ਤੜਕੇ ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ। ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਇਸ ਦੌਰਾਨ ਸ਼ੱਕੀਆਂ ਨੇ ਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਚਲਾਉਣ ਵਾਲਾ ਸਾਦੇ ਕੱਪੜਿਆਂ ਵਿੱਚ ਸੀ। ਪੰਜਾਬ ਪੁਲਿਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮਿਲਟਰੀ ਸਟੇਸ਼ਨ ਦੇ ਯੂਨਿਟ ਗਾਰਡ ਰੂਮ ਤੋਂ ਇੱਕ ਇੰਸਾਸ ਰਾਇਫਲ ਅਤੇ 28 ਰੌਂਦ ਗਾਇਬ ਹੋ ਗਏ ਸਨ। ਫੌਜ ਵੀ ਇਸ ਦੀ ਜਾਂਚ ਕਰ ਰਹੀ ਸੀ, ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਗਾਇਬ ਹੋਈ ਰਾਈਫਲ ਦੀ ਵਰਤੋਂ ਹੀ ਇਸ ਹਮਲੇ ਵਿੱਚ ਕੀਤੀ ਹੋ ਸਕਦੀ ਹੈ। ।
ਇਹ ਵੀ ਪੜ੍ਹੋ: Bathinda Firing: ਬਠਿੰਡਾ ਗੋਲੀਬਾਰੀ ਵਿੱਚ ਮਾਰੇ ਗਏ 4 ਫ਼ੌਜੀ ਜਵਾਨਾਂ ਦੀ ਹੋਈ ਪਹਿਚਾਣ, ਜਾਣੋ ਕਿੱਥੋ-ਕਿੱਥੋਂ ਦੇ ਸੀ ਫੌਜੀ ਜਵਾਨ ?