ਬਠਿੰਡਾ : ਪੰਜਾਬ ਅੰਦਰ ਵਿਜੀਲੈਂਸ ਵਿਭਾਗ ਲਗਾਤਾਰ ਐਕਸ਼ਨ ਮੋਡ ਵਿੱਚ ਹੈ। ਹੁਣ ਬਠਿੰਡਾ ਵਿੱਚ ਵਿਜੀਲੈਂਸ ਵਿਭਾਗ ਨੇ ਤਹਿਸੀਲਦਾਰ ਦਫਤਰ ਤਲਵੰਡੀ ਸਾਬੋ ਦੇ ਬਿੱਲ ਕਲਰਕ ਹਰਜੀਤ ਸਿੰਘ ਨੂੰ 4500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਹੈ। ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੂੰ ਗੁਰਸੇਵਕ ਸਿੰਘ ਵੱਲੋ ਕੀਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਗ੍ਰਿਫਤਾਰ ਕੀਤਾ ਗਿਆ ਹੈ।
ਮੈਰਿਜ ਸਰਟੀਫਿਕੇਟ ਬਣਾਉਣ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ: ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਸੇਵਕ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਇਲਜ਼ਾਮ ਲਾਇਆ ਕਿ ਉੱਕਤ ਬਿੱਲ ਕਲਰਕ ਹਰਜੀਤ ਸਿੰਘ ਨੇ ਉਸ ਦਾ ਮੈਰਿਜ ਸਰਟੀਫਿਕੇਟ ਬਣਾਉਣ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰੰਤੂ ਉਸ ਵੱਲੋਂ ਮਿੰਨਤ-ਤਰਲਾ ਕਰਨ ਉੱਤੇ ਬਿੱਲ ਕਰਕੇ 6000 ਰੁਪਏ ਰਿਸ਼ਵਤ ਵਿੱਚ ਸਰਟੀਫਿਕੇਟ ਜਾਰੀ ਕਰਨ ਲਈ ਮੰਨ ਗਿਆ। ਪੀੜਤ ਨੇ ਦੱਸਿਆ ਕਿ ਉਸ ਨੇ 1500 ਰੁਪਏ ਬਿੱਲ ਕਲਰਕ ਨੂੰ ਪਹਿਲਾਂ ਦੇ ਦਿੱਤੇ ਇਸ ਤੋਂ ਬਾਅਦ ਉਸ ਨੇ ਸਥਾਨਕ ਵਿਜੀਲੈਂਸ ਦੀ ਟੀਮ ਨੂੰ ਨਾਲ ਲੈਕੇ ਬਾਕੀ 4500 ਰੁਪਏ ਕਲਰਕ ਨੂੰ ਦਿੱਤੇ ਅਤੇ ਇਸ ਦੌਰਾਨ ਕਲਰਕ ਨੂੰ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਟ੍ਰੈਪ ਲਗਾ ਕੇ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ: ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਨੂੰ ਸ਼ਿਕਾਇਤਕਰਤਾ ਕੋਲੋਂ ਦੂਜੀ ਕਿਸ਼ਤ ਵਜੋਂ 4500 ਰੁਪਏ ਦੀ ਰਿਸ਼ਵਤ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਕਸਬੇ ਮੁਕੇਰੀਆਂ ਵਿੱਚ ਵੀ ਵਿਜੀਲੈਂਸ ਵਿਭਾਗ ਨੇ ਜਲ ਸੁਪਲਾਈ ਵਿਭਾਗ ਦੇ ਐੱਸਡੀਓ, ਜੇਈ ਅਤੇ ਕਲਰਕ ਨੂੰ ਇੱਕ ਠੇਕੇਦਾਰ ਕੋਲੋ ਕੀਤੇ ਕੰਮ ਦੇ ਕਰੀਬ 1 ਲੱਖ 50 ਹਜਾਰ ਦਾ ਬਿਲ ਨੂੰ ਪਾਸ ਕਰਨ ਲਈ 23 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਰਿਸ਼ਵਤ ਦੀ ਨਕਦੀ ਦੀ ਮੰਗ ਤੋਂ ਬਾਅਦ ਇਹ ਜਾਣਕਾਰੀ ਉਕਤ ਵਿਅਕਤੀ ਨੇ ਵਿਜੀਲੈਂਸ ਵਿਭਾਗ ਨਾਲ ਸਾਂਝੀ ਕੀਤੀ। ਵਿਜੀਲੈਂਸ ਵਿਭਾਗ ਨੇ ਇਸ ਜਾਣਕਾਰੀ ਤੋਂ ਬਾਅਦ ਮੁਲਾਜਮਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੁ ਕਰ ਲਿਆ ਸੀ। ਕਲਰਕ ਮੁਤਾਬਿਕ ਉਸ ਨੂੰ ਕਿਹਾ ਗਿਆ ਸੀ ਕਿ ਇੱਕ ਸ਼ਖ਼ਸ ਪੈਸੇ ਲੈਕੇ ਆਵੇਗਾ ਤੇ ਜਿਸ ਤੋਂ ਪੈਸੇ ਲੈ ਲੈਣਾ ਹਨ। ਇਸ ਤੋਂ ਉਪਰੰਤ ਵਿਭਾਗ ਦੀ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।