ਬਠਿੰਡਾ: ਸ਼ਹਿਰ ਵਿੱਚ ਡੈਮੋਕ੍ਰੇਟਿਕ ਅਧਿਆਪਕ ਫ਼ਰੰਟ ਵੱਲੋਂ 12 ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਦੁਸਹਿਰੇ ਦੇ ਰੂਪ ਵਿੱਚ ਮੋਂਟੇਕ ਸਿੰਘ ਆਹਲੂਵਾਲੀਆ ਅਤੇ ਪੰਜਾਬ ਸਰਕਾਰ ਦਾ 15 ਫੁੱਟ ਉਚਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਡੀਟੀਐਫ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰਥਿਕ ਪੱਖ ਤੋਂ ਪੰਜਾਬ ਨੂੰ ਉਭਾਰਨ ਲਈ ਆਰਥਿਕ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ ਪਰੰਤੂ ਇਸ ਵਿੱਚ ਕਾਰਪੋਰੇਟ ਸੈਕਟਰਾਂ ਨੂੰ ਫ਼ਾਇਦਾ ਪਹੁੰਚਾਉਣ ਅਤੇ ਗਰੀਬ ਮਾਰੂ ਰਣਨੀਤੀ ਤਿਆਰ ਕੀਤੀ ਗਈ ਹੈ।
ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਸ ਕਮੇਟੀ ਦਾ ਚੇਅਰਮੈਨ ਮੋਂਟੇਕ ਸਿੰਘ ਆਹਲੂਵਾਲੀਆ ਹੈ, ਜਿਸ ਨੇ ਪੰਜਾਬ ਸਰਕਾਰ ਨੂੰ ਇੱਕ ਰਿਪੋਰਟ ਸੌਂਪੀ ਹੈ, ਜੋ ਸਰਕਾਰੀ ਮੁਲਾਜ਼ਮ ਅਤੇ ਕਿਸਾਨਾਂ ਸਮੇਤ ਪੰਜਾਬ ਦੇ ਹਰੇਕ ਵਰਗ ਦੇ ਲਈ ਲੋਕ ਮਾਰੂ ਨੀਤੀ ਸਾਬਤ ਹੋ ਰਹੀ ਹੈ।
ਰੇਸ਼ਮ ਸਿੰਘ ਨੇ ਕਿਹਾ ਕਿ ਅੱਜ ਜਿਥੇ ਬਾਜ਼ਾਰਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਰੈਲੀ ਕੀਤੀ ਗਈ, ਉੱਥੇ ਪੰਜਾਬ ਸਰਕਾਰ ਵਿਰੁੱਧ ਭਰਵੀਂ ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ 15 ਫੁੱਟ ਦੇ ਪੁਤਲੇ ਇਸ ਲਈ ਬਣਾਏ ਗਏ ਕਿ ਇਨ੍ਹਾਂ ਦੇ ਕਾਰਨਾਮੇ ਵੀ ਵੱਡੇ ਹਨ ਅਤੇ ਹਰ ਪਾਸੇ ਵਿਰੋਧ ਹੋ ਰਿਹਾ ਹੈ।
ਅਧਿਆਪਕ ਆਗੂ ਨੇ ਕਿਹਾ ਕਿ ਅਗਲੀ ਰਣਨੀਤੀ ਲਈ ਉਹ ਸ਼ਹਿਰ ਵਿੱਚ ਹੋਰ ਜਥੇਬੰਦੀਆਂ ਨਾਲ ਮਿਲ ਕੇ ਬੈਠਕ ਕਰਨਗੇ ਅਤੇ 13 ਤਰੀਕ ਨੂੰ ਪਟਿਆਲਾ ਵਿੱਚ ਵੱਡੇ ਪੱਧਰ 'ਤੇ ਰੋਸ ਮਾਰਚ ਵੀ ਕਰਨਗੇ।