ਬਠਿੰਡਾ : ਹਾਲ ਹੀ 'ਚ 15 ਅਗਸਤ ਨੂੰ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਚੁੱਕਾ ਹੈ। ਇਸ ਮੌਕੇ ਸਕੂਲਾਂ ਤੇ ਕਾਲਜਾਂ ਵਿੱਚ ਕਈ ਤਰ੍ਹਾਂ ਦੇ ਰੰਗਾ-ਰੰਗ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਸ ਵਿੱਚ ਕਵਿਤਾ, ਡਾਂਸ, ਗੀਤ ਤੇ ਸਪੀਚ ਮੁਕਾਬਲੇ ਹੁੰਦੇ ਹਨ, ਤਾਂ ਜੋ ਬੱਚੇ 15 ਅਗਸਤ ਜਾਂ ਸੁਤੰਤਰਤਾ ਦਿਵਸ ਦਾ ਇਤਿਹਾਸ ਜਾਣ ਸਕਣ। ਪਰ, ਬਠਿੰਡਾ ਦੇ ਇੱਕ ਸਰਕਾਰੀ ਸਕੂਲ (ਪਿੰਡ ਜੀਵਨ ਵਾਲਾ) ਵਲੋਂ ਅਜਿਹੀ ਪਹਿਲਕਦਮੀ ਕੀਤੀ ਗਈ ਜਿਸ ਵਿੱਚ ਬੱਚਿਆਂ ਨੇ ਆਜ਼ਾਦੀ ਦਿਵਸ ਦੇ ਨਾਲ-ਨਾਲ ਭਾਰਤ-ਪਾਕਿਸਤਾਨ ਦੀ ਵੰਡ ਦੇ ਦਰਦ ਨੂੰ ਖੁਦ ਨਾਟਕ ਰਾਹੀਂ ਪੇਸ਼ ਕੀਤਾ ਤੇ ਉਸ ਦਰਦ ਨੂੰ ਸਮਝਿਆ।
ਇਹ ਸੀ ਨਾਟਕ ਦਾ ਵਿਸ਼ਾ ਤੇ ਕਹਾਣੀ: ਵਿਦਿਆਰਥੀਆਂ ਨੇ 1947 ਦੀ ਵੰਡ ਸਮੇਂ ਪੈਦਾ ਹੋਏ ਹਾਲਾਤਾਂ ਦੀ ਭਾਵੁਕ ਤਸਵੀਰ ਪੇਸ਼ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਸਿੰਘ ਵਾਲਾ ਦੇ ਵਿਦਿਆਰਥੀਆਂ ਦੀ 15 ਅਗਸਤ ਦੇ ਦਿਹਾੜੇ ਉੱਤੇ ਪੇਸ਼ ਕੀਤੀ ਸੀ। ਐਕਟੀਵਿਟੀ 1947 ਦੀ ਵੰਡ ਦੇ ਸੰਤਾਪ ਨੂੰ ਪੇਸ਼ ਕਰਦੀ ਕੋਰੀਓਗ੍ਰਾਫੀ ਨੇ ਹਰ ਅੱਖ ਨੂੰ ਨਮ ਕਰ ਦਿੱਤਾ। ਸਕੂਲ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਨੂੰ ਵੇਖ ਸਿੱਖਿਆ ਮੰਤਰੀ ਨੇ ਵੀ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕੀਤੀ। 15 ਅਗਸਤ 1947 ਨੂੰ ਭਾਰਤ ਦੇਸ਼ ਨਾ ਸਿਰਫ਼ ਆਜ਼ਾਦ ਹੋਇਆ ਸੀ, ਸਗੋਂ ਦੋ ਇਸ ਦੇ ਦੋ ਟੁਕੜੇ ਵੀ ਹੋਏ ਸਨ। ਇਸ ਦਾ ਸੰਤਾਪ ਲੱਖਾਂ ਲੋਕਾਂ ਨੂੰ ਹੰਢਾਉਣਾ ਪਿਆ। ਫ਼ਿਰਕਿਆਂ ਦੇ ਆਧਾਰ ਉੱਤੇ ਹੋਈ ਇਸ ਵੰਡ ਕਾਰਨ ਲੱਖਾਂ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਸੀ ਤੇ ਲੱਖਾਂ ਨੇ ਅਪਣੇ ਘਰ-ਜਾਇਦਾਰ ਛੱਡੇ। ਵਿਦਿਆਰਥੀਆਂ ਵਲੋਂ ਇਹੀ ਕਹਾਣੀ ਪੇਸ਼ ਕੀਤੀ ਗਈ।
ਨਾਟਕ ਦੀ ਹਰ ਕਿਸੇ ਨੇ ਕੀਤੀ ਸ਼ਲਾਘਾ: ਛੋਟੇ-ਛੋਟੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਜਿੱਥੇ ਹਰ ਕੋਈ ਸ਼ਲਾਘਾ ਕਰ ਰਿਹਾ ਹੈ, ਉਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਕੇ ਤਾਰੀਫ ਕੀਤੀ ਗਈ। ਈਟੀਵੀ ਭਾਰਤ ਦੀ ਟੀਮ ਵੱਲੋਂ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜੀਵਨ ਸਿੰਘ ਦੇ ਵਿਦਿਆਰਥੀਆਂ ਜਿਨ੍ਹਾਂ ਵੱਲੋਂ 1947 ਦੀ ਵੰਡ ਨੂੰ ਲੈ ਕੇ ਪੇਸ਼ਕਾਰੀ ਕੀਤੀ ਗਈ ਸੀ। ਨਾਲ ਵਿਸ਼ੇਸ਼ ਗੱਲਬਾਤ ਕੀਤੀ ਤਾਂ ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਸਿਰਫ 15 ਅਗਸਤ ਦੇ ਦਿਹਾੜੇ ਸਬੰਧੀ ਇਤਿਹਾਸ ਬਾਰੇ ਪਤਾ ਸੀ, ਪਰ ਅਧਿਆਪਕਾਂ ਵੱਲੋਂ 1947 ਦੀ ਵੰਡ ਸਮੇਂ ਲੋਕਾਂ ਵੱਲੋਂ ਹੰਡਾਏ ਗਏ ਸੰਤਾਪ ਸਬੰਧੀ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਉਸ ਸਮੇਂ ਲੋਕਾਂ ਵੱਲੋਂ ਕਿਸ ਤਰ੍ਹਾਂ ਆਪਣੀਆਂ ਬੱਚੀਆਂ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਕਿ ਰਸਤੇ ਵਿੱਚ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਹੋ ਜਾਵੇ, ਲੋਕ ਆਪਣੇ ਘਰ ਤੇ ਜਾਇਦਾਦ ਅਤੇ ਰਿਸ਼ਤੇ ਨਾਤੇ ਛੱਡ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਗਏ।
ਬੱਚਿਆ ਨੇ ਕੀ ਸਿੱਖਿਆ: ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਉਨ੍ਹਾਂ ਵੱਲੋਂ ਇਹ ਪੇਸ਼ਕਾਰੀ ਕੀਤੀ ਜਾ ਰਹੀ ਸੀ, ਤਾਂ ਉਸ ਸਮੇਂ ਦੇ ਹਾਲਾਤਾਂ ਨੂੰ ਉਨ੍ਹਾਂ ਨੇ ਬਾਖੂਬੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਲੋਕਾਂ ਨੇ ਕਿੰਨਾ ਦਰਦ ਅਤੇ ਮਾਨਸਿਕ ਪੀੜਾ ਉਸ ਸਮੇਂ ਸਹੀ। ਵਿਦਿਆਰਥੀਆਂ ਨੇ ਕਿਹਾ ਕਿ ਅੱਜ ਦੀ ਨੌਜਵਾਨੀ ਆਜ਼ਾਦੀ ਦੇ ਅਸਲ ਅਰਥਾਂ ਨੂੰ ਭੁੱਲ ਕੇ ਨਸ਼ਿਆਂ ਦੇ ਰਾਹ ਪਈ ਹੋਈ ਜੋ ਕਿ ਸਰਾਸਰ ਗ਼ਲਤ ਹੈ। ਛੋਟੇ-ਛੋਟੇ ਵਿਦਿਆਰਥੀਆਂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ। ਚੰਗਾ ਪੜ੍ਹ- ਲਿੱਖ ਕੇ ਦੇਸ਼ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਪੇਸ਼ਕਾਰੀ ਕਰਨ ਵਾਲੇ ਛੇਵੀਂ ਕਲਾਸ ਦੇ ਵਿਦਿਆਰਥੀ ਨੇ ਕਿਹਾ ਕਿ ਉਹ ਵੱਡਾ ਹੋ ਕੇ ਫੌਜੀ ਬਣੇਗਾ ਅਤੇ ਦੇਸ਼ ਦੀ ਰੱਖਿਆ ਕਰੇਗਾ।
ਸਕੂਲ ਪ੍ਰਿੰਸੀਪਲ ਅਤੇ ਸਟਾਫ ਦਾ ਯੋਗਦਾਨ: ਸਕੂਲ ਦੀ ਪ੍ਰਿੰਸੀਪਲ ਅਮਰਜੀਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ 15 ਅਗਸਤ ਸ਼ੁਭ ਦਿਹਾੜੇ ਮੌਕੇ ਵਿਦਿਆਰਥੀਆਂ ਨੂੰ ਐਕਟੀਵਿਟੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸੀ। ਇਸ ਸੰਬੰਧੀ ਉਨ੍ਹਾਂ ਵੱਲੋਂ ਬਕਾਇਦਾ ਆਪਣੇ ਸਕੂਲ ਦੇ ਸਟਾਫ ਨਾਲ ਬੈਠਕ ਕਰਕੇ, ਵਿਦਿਆਰਥੀਆਂ ਨੂੰ 1947 ਵਿੱਚ ਹੋਈ ਵੰਡ ਸਬੰਧੀ ਜਾਣੂ ਕਰਵਾਉਣ ਦਾ ਪਲਾਨ ਬਣਾਇਆ ਅਤੇ ਇਸ ਸਬੰਧੀ ਸਕੂਲ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਤੋਂ ਉਸ ਸਮੇਂ ਦੇ ਹਾਲਾਤਾਂ ਤੇ ਐਕਟੀਵਿਟੀ ਅਮਲ ਵਿੱਚ ਲਿਆਂਦੀ। ਸਕੂਲ ਵਿਦਿਆਰਥੀਆਂ ਵੱਲੋਂ ਕੀਤੀ ਗਈ ਐਕਟੀਵਿਟੀ ਨੇ ਹਰ ਇੱਕ ਨੂੰ ਜਿੱਥੇ ਭਾਵੁਕ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।