ਬਠਿੰਡਾ: ਕੋਰੋਨਾ ਮਹਾਂਮਾਰੀ ਨੇ ਜਿੱਥੇ ਵੱਡੇ-ਵੱਡੇ ਕਾਰੋਬਾਰਾਂ ਨੂੰ ਤਬਾਹ ਕਰ ਦਿੱਤਾ ਹੈ। ਉੱਥੇ ਇਨ੍ਹਾਂ ਦਿਹਾੜੀ ਅਤੇ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰਾਂ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਲੌਕਡਾਊਨ ਸਮੇਂ ਤੋਂ ਪਹਿਲਾਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਤੋਂ ਮਹਿਲਾਵਾਂ ਨੇ ਕਰਜ਼ੇ ਲਏ ਸੀ ਪਰ ਲੌਕਡਾਊਨ ਲੱਗਣ ਕਾਰਨ ਕੰਮਕਾਜ ਬਿਲਕੁਲ ਠੱਪ ਹੋ ਚੁੱਕੇ ਹਨ। ਇਸ ਕਰਕੇ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰਨਾ ਤਾਂ ਦੂਰ ਉਨ੍ਹਾਂ ਨੂੰ ਆਪਣੀ ਰੋਜ਼ੀ ਰੋਟੀ ਵੀ ਕਮਾਉਣੀ ਬੇਹੱਦ ਮੁਸ਼ਕਲ ਸਾਬਤ ਹੋ ਰਹੀ ਹੈ। ਅਜਿਹੀ ਸਥਿਤੀ ਦੇ ਵਿੱਚ ਇਨ੍ਹਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਮਾਈਕਰੋ ਫਾਈਨਾਂਸ ਕੰਪਨੀ ਦੇ ਕਰਿੰਦੇ ਘਰ ਵਿੱਚ ਆ ਕੇ ਉਨ੍ਹਾਂ ਨੂੰ ਕਰਜ਼ੇ ਦੀ ਕਿਸ਼ਤ ਨਾ ਅਦਾ ਕਰਨ 'ਤੇ ਘਰ ਦੇ ਸਾਮਾਨ ਵੇਚਣ ਅਤੇ ਘਰ ਨੂੰ ਜਿੰਦਰੇ ਲਗਾ ਕੇ ਜਾਣ ਦੀ ਧਮਕੀਆਂ ਦਿੰਦੇ ਹਨ।
ਉਨ੍ਹਾਂ ਦੇ ਘਰ ਵਿੱਚ ਬੇਹੱਦ ਗਰੀਬੀ ਹੈ ਅਤੇ ਨਾ ਹੀ ਕੋਈ ਕਮਾਈ ਦਾ ਸਾਧਨ ਹੈ। ਇਸ ਕਰਕੇ ਅੱਜ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਮਹਿਲਾਵਾਂ ਇਕੱਠੀਆਂ ਹੋ ਕੇ ਇਸ ਮਾਈਕ੍ਰੋ ਫਾਈਨਾਂਸ ਕੰਪਨੀ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਪਹੁੰਚੇ ਹਨ ਕਿਉਂਕਿ ਉਨ੍ਹਾਂ ਕੋਲ ਕਿਸ਼ਤ ਅਦਾ ਕਰਨ ਲਈ ਨਾ ਤਾਂ ਪੈਸੇ ਹਨ ਅਤੇ ਨਾ ਕੋਈ ਕਮਾਈ ਦਾ ਸਾਧਨ।
ਰੋਸ ਜ਼ਾਹਰ ਕਰ ਰਹੀ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦੀ ਉਮਰ ਸੱਠ ਸਾਲ ਤੋਂ ਵੱਧ ਹੈ ਅਤੇ ਉਸ ਦੇ ਘਰ ਵਿੱਚ ਕੋਈ ਕਮਾਉਣ ਵਾਲਾ ਜੀਅ ਨਹੀਂ ਹੈ। ਇਸ ਉਮਰ ਵਿੱਚ ਉਸ ਨੂੰ ਕੋਈ ਮਜ਼ਦੂਰੀ ਵੀ ਨਹੀਂ ਮਿਲਦੀ ਅਤੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਉਤੋਂ ਫਾਈਨਾਂਸ ਕੰਪਨੀ ਦੇ ਕਰਿੰਦੇ ਆ ਕੇ ਉਨ੍ਹਾਂ ਨੂੰ ਜ਼ਬਰਦਸਤੀ ਕਿਸ਼ਤਾਂ ਅਦਾ ਕਰਨ ਲਈ ਤੰਗ ਪ੍ਰੇਸ਼ਾਨ ਕਰਦੇ ਹਨ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਝਾਂਸੇ ਵਿੱਚ ਆ ਕੇ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਹੁਣ ਉਨ੍ਹਾਂ ਕੋਲੋਂ ਅਦਾ ਨਹੀਂ ਹੁੰਦੀਆਂ ਜਿਸ ਕਰਕੇ ਉਹ ਆਪਣੀਆਂ ਕਿਸ਼ਤਾਂ ਮਾਫ਼ ਕਰਨ ਦੇ ਲਈ ਰੋਸ ਪ੍ਰਦਰਸ਼ਨ ਕਰ ਰਹੀ ਹੈ।
ਪ੍ਰਦਰਸ਼ਨਕਾਰੀ ਬਜ਼ੁਰਗ ਦਾ ਕਹਿਣਾ ਹੈ ਕਿ ਇਹ ਕਹਾਣੀ ਕਿਸੇ ਇੱਕ ਪਰਿਵਾਰ ਦੀ ਨਹੀਂ ਸਗੋਂ ਪਿੰਡਾਂ ਦੇ ਵਿੱਚ ਮਜ਼ਦੂਰੀ ਕਰਨ ਵਾਲੇ ਹਰ ਇੱਕ ਗਰੀਬ ਪਰਿਵਾਰ ਦੀ ਕਹਾਣੀ ਹੈ। ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਇਨ੍ਹਾਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਤੋਂ ਕਰਜ਼ਾ ਲਿਆ ਸੀ ਪਰ ਹੁਣ ਇਹ ਮਾਈਕ੍ਰੋ ਫਾਈਨਾਂਸ ਕੰਪਨੀਆਂ ਦੇ ਕਰਿੰਦੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਨੂੰ ਆਪਣੇ ਘਰ ਦਾ ਸਾਮਾਨ ਵੇਚ ਕੇ ਕਿਸ਼ਤਾਂ ਅਦਾ ਕਰਨ ਦੇ ਲਈ ਮਜਬੂਰ ਕਰਦੇ ਹਨ। ਗਰੀਬ ਵਿਅਕਤੀ ਮਜਬੂਰ ਹੋਇਆ ਜਾਵੇ ਤਾਂ ਕਿੱਥੇ ਜਾਵੇ ?
ਵੱਖ-ਵੱਖ ਪਿੰਡਾਂ ਤੋਂ ਆਈਆਂ ਮਹਿਲਾਵਾਂ ਨੇ ਮਾਈਕ੍ਰੋ ਫਾਈਨਾਂਸ ਕੰਪਨੀ ਦੇ ਦਫ਼ਤਰ ਸਾਹਮਣੇ ਆਪਣਾ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਉਸ ਦੀ ਨੂੰਹ ਨੇ ਇਨ੍ਹਾਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਤੋਂ ਕਰਜ਼ਾ ਲਿਆ ਸੀ, ਜਿਸ ਨੇ ਕਿਸ਼ਤਾਂ ਅਦਾ ਕਰਨ ਲਈ ਆਪਣੀਆਂ ਸੋਨੇ ਦੀਆਂ ਵਾਲੀਆਂ ਵੇਚ ਦਿੱਤੀਆਂ ਅਤੇ ਘਰ ਦਾ ਸਿਲੰਡਰ ਵੀ ਵੇਚ ਦਿੱਤਾ। ਹੁਣ ਉਨ੍ਹਾਂ ਤੋਂ ਹੋਰ ਜ਼ਿਆਦਾ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ ਅਤੇ ਮਾਈਕ੍ਰੋ ਫਾਈਨਾਂਸ ਕੰਪਨੀ ਦੇ ਕਰਿੰਦੇ ਆ ਕੇ ਉਨ੍ਹਾਂ ਨੂੰ ਧਮਕੀਆਂ ਦਿੰਦੇ ਹਨ ਜਿਸ ਦੇ ਰੋਸ ਵਜੋਂ ਅੱਜ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਕਿਸ਼ਤਾਂ ਮਾਫ਼ ਕੀਤੀਆਂ ਜਾਣ।