ਬਠਿੰਡਾ: ਅਕਸਰ ਹੀ ਸਿਆਣੇ ਲੋਕ ਕਹਿੰਦੇ ਹਨ ਕਿ ਜਦੋਂ ਤੁਹਾਡੇ ਨਾਮ ਨਾਲ ਕੋਈ ਰਾਜਨੀਤਕ ਅਹੁਦੇ ਦਾ ਟੈਗ ਲੱਗ ਜਾਂਦਾ ਹੈ ਤਾਂ ਸਮਾਜ ਵਿੱਚ ਉਸਨੂੰ ਵੱਖਰੇ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ ਅਤੇ ਉਸਦੀ ਸਮਾਜ ਵਿੱਚ ਇੱਕ ਵੱਖਰੀ ਪਹਿਚਾਣ ਹੁੰਦੀ ਹੈ। ਇਸਦੇ ਉਲਟ ਈਟੀਵੀ ਭਾਰਤ ਵੱਲੋਂ ਇੱਕ ਅਜਿਹੇ ਰਾਜਨੀਤਕ ਵਿਅਕਤੀ ਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾ ਰਿਹਾ ਹੈ ਜਿਸਦੇ ਜੀਵਨ ਬਾਰੇ ਜਾਣ ਕੇ ਹਰ ਕੋਈ ਉਸਦੀ ਤਾਰੀਫ ਕਰੇਗਾ।
ਈਮਾਨਦਾਰੀ ਦੇ ਚੱਲਦੇ ਚੁਣਿਆ ਸਰਪੰਚ: ਬਿੰਦਰ ਸਿੰਘ ਪਿੰਡ ਬੁਰਜ ਡੱਲਾ ਨੂੰ ਈਮਾਨਦਾਰੀ ਕਰਕੇ ਲੋਕਾਂ ਨੇ ਸਰਪੰਚ ਬਣਾਇਆ ਗਿਆ ਪਰ ਸਰਪੰਚ ਬਣਨ ਦੇ ਬਾਵਜੂਦ ਬਿੰਦਰ ਸਿੰਘ ਵੱਲੋਂ ਆਪਣੇ ਹੱਥੀਂ ਮਿਹਨਤ ਨੂੰ ਲਗਾਤਾਰ ਜਾਰੀ ਰੱਖਿਆ ਅਤੇ ਸਰਪੰਚ ਬਣ ਜਾਣ ਦੇ ਬਾਵਜੂਦ ਅੱਜ ਵੀ ਬਿੰਦਰ ਸਿੰਘ ਪਿੰਡ ਕਲਿਆਣ ਸੁੱਖਾ ਦੇ ਬੱਸ ਸਟੈਂਡ ’ਤੇ ਸਾਈਕਲਾਂ ਦੇ ਪੈਂਚਰ ਲਾਉਣ ਦਾ ਕੰਮ ਕਰਦਾ ਹੈ।
ਪਿਛਲੇ 22 ਸਾਲਾਂ ਤੋਂ ਸਾਇਕਲ ਠੀਕ ਕਰਨ ਦੀ ਚਲਾ ਰਿਹਾ ਹੈ ਦੁਕਾਨ: ਸਰਪੰਚ ਬਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਦੋ ਹਜ਼ਾਰ ਉੱਨੀ ਵਿੱਚ ਉਸ ਨੂੰ ਪਿੰਡ ਦੇ ਲੋਕਾਂ ਵੱਲੋਂ ਇਮਾਨਦਾਰੀ ਨੂੰ ਵੇਖਦੇ ਹੋਏ ਸਰਪੰਚ ਚੁਣਿਆ ਗਿਆ ਸੀ ਪਰ ਸਰਪੰਚ ਬਣਨ ਦੇ ਬਾਵਜੂਦ ਜੋ ਉਸਦਾ ਕਿੱਤਾ ਪਿਛਲੇ ਬਾਈ ਸਾਲਾਂ ਤੋਂ ਕਰਦੇ ਆ ਰਹੇ ਸਨ ਉਹ ਉਸੇ ਤਰ੍ਹਾਂ ਜਾਰੀ ਹੈ ਅਤੇ ਉਹ ਅੱਜ ਵੀ ਪਿੰਡ ਵਿੱਚ ਸਾਇਕਲਾਂ ਦੇ ਪੈਂਚਰ ਲਗਾਉਣ ਦਾ ਕੰਮ ਕਰਦੇ ਹਨ।
ਸਾਇਕਲ ਦੀ ਦੁਕਾਨ ਤੋਂ ਇਲਾਵਾ ਇਹ ਵੀ ਕਰਦੇ ਨੇ ਕੰਮ: ਇਸ ਤੋਂ ਇਲਾਵਾ ਉਸ ਵੱਲੋਂ ਸਵੇਰੇ ਉੱਠ ਕੇ ਤਿੰਨ ਪਿੰਡਾਂ ਵਿਚ ਅਖ਼ਬਾਰ ਵੰਡੇ ਜਾਂਦੇ ਹਨ ਅਤੇ ਮੰਡੀਆਂ ਵਿਚ ਬਤੌਰ ਸੇਵਾ ਦਾਰ ਲੋਕਾਂ ਨੂੰ ਪਾਣੀ ਪਿਆਉਣ ਦਾ ਕੰਮ ਵੀ ਕੀਤਾ ਜਾਂਦਾ ਹੈ। ਬਿੰਦਰ ਸਿੰਘ ਨੇ ਦੱਸਿਆ ਕਿ ਸਰਪੰਚੀ ਸਿਰਫ਼ ਪੰਜ ਸਾਲ ਲਈ ਹੈ ਪਰ ਉਸ ਨੂੰ ਆਪਣੇ ਘਰ ਦੇ ਗੁਜ਼ਾਰੇ ਲਈ ਆਪਣੇ ਸਾਈਕਲਾਂ ਦਾ ਕੰਮ ਸਭ ਤੋਂ ਵਧੀਆ ਲੱਗਦਾ ਹੈ। ਉਹ ਰੋਜ਼ਾਨਾ ਆਪਣੇ ਸਾਈਕਲ ’ਤੇ ਪਿੰਡੋਂ ਕਲਿਆਣ ਸੁੱਖਾ ਆਉਂਦੇ ਹਨ ਅਤੇ ਇੱਥੇ ਲੋਕਾਂ ਦੇ ਸਾਈਕਲ ਠੀਕ ਕਰ ਕੇ ਦਿੰਦੇ ਹਨ।
ਲੀਡਰਾਂ ਨੂੰ ਸਰਪੰਚ ਦੀ ਨਸੀਹਤ: ਸਰਪੰਚ ਬਿੰਦਰ ਸਿੰਘ ਨੇ ਦੱਸਿਆ ਕਿ ਜੋ ਲੋਕ ਰਾਜਨੀਤੀ ਨੂੰ ਕਾਰੋਬਾਰ ਸਮਝਦੇ ਹਨ ਉਹ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਰਾਜਨੀਤਕ ਲੋਕਾਂ ਨੂੰ ਇਮਾਨਦਾਰੀ ਨਾਲ ਆਪਣਾ ਕਰਨਾ ਕਰਦੇ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਰਪੰਚ ਬਣਦੇ ਹੀ ਉਸ ਵੱਲੋਂ ਪਿੰਡ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਮੌਜੂਦਾ ਸਮਾਂ ਨਰੇਗਾ ਅਧੀਨ ਉਸ ਵੱਲੋਂ ਪਿੰਡ ਵਿੱਚ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਵਾਏ ਜਾ ਰਹੇ ਹਨ।
ਸਰਪੰਚ ਦੇ ਕੰਮ ਕਰਨ ਦਾ ਤਰੀਕਾ: ਸਰਪੰਚ ਬਿੰਦਰ ਸਿੰਘ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਹੈ ਜੋ ਕਿ ਰਾਜਨੀਤੀ ਨੂੰ ਇੱਕ ਚੰਗਾ ਕਾਰੋਬਾਰ ਸਮਝਦੇ ਹਨ ਪਰ ਬਿੰਦਰ ਸਿੰਘ ਨੇ ਕਦੇ ਵੀ ਆਪਣੇ ਆਪ ਨੂੰ ਸਰਪੰਚ ਹੁੰਦਿਆਂ ਰਾਜਨੀਤੀ ਨੂੰ ਆਪਣੇ ਉਪਰ ਭਾਰੂ ਨਹੀਂ ਹੋਣ ਦਿੱਤਾ। ਸਰਪੰਚ ਬਿੰਦਰ ਸਿੰਘ ਦੱਸਦਾ ਹੈ ਕਿ ਪਿੰਡ ਦਾ ਕੋਈ ਵੀ ਕੰਮ ਹੋਵੇ ਤਾਂ ਪਿੰਡ ਵਾਲੇ ਵਿਅਕਤੀ ਉਸ ਕੋਲ ਪੈਂਚਰਾਂ ਵਾਲੀ ਦੁਕਾਨ ’ਤੇ ਆ ਕੇ ਕਰਵਾ ਕੇ ਲੈ ਜਾਂਦੇ ਹਨ ਜਾਂ ਉਹ ਖੁਦ ਉੱਥੇ ਜਾ ਕੇ ਕੰਮ ਕਰਵਾ ਆਉਂਦੇ ਹਨ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਵਿੱਚ ਗੁੰਡਾਗਰਦੀ, ਬੇਖੌਫ਼ ਗੁੰਡਿਆਂ ਨੇ ਵੀਡੀਓ ਪਾ ਦੋ ਨੌਜਵਾਨਾਂ ਨੂੰ ਕੀਤਾ ਜ਼ਖਮੀ