ਬਠਿੰਡਾ: ਦਿੱਲੀ ਹੱਦਾਂ ਉੱਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਨੂੰ ਚੱਲਦੇ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਹੈ। ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਮਤੇ ਪਾਸ ਕੀਤੇ ਜਾ ਰਹੇ ਹਨ। ਬਠਿੰਡਾ ਦੇ ਪਿੰਡ ਕੋਠੇ ਨਾਥਿਆਣਾ ਵਿੱਚ ਵੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ। ਇਸ ਮਤੇ ਵਿੱਚ ਪੂਰੇ ਪਿੰਡ ਦੇ ਹਰੇਕ ਘਰ ਵਿਚੋਂ ਇੱਕ ਵਿਅਕਤੀ ਦਾ ਕਿਸਾਨ ਅੰਦੋਲਨ ਵਿੱਚ ਜਾਣਾ ਲਾਜ਼ਮੀ ਹੋਵੇਗਾ। ਜੋ ਅੰਦੋਲਨ ਵਿੱਚ ਨਹੀਂ ਜਾਵੇਗਾ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ।
ਪਿੰਡ ਦੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਨੇ ਕਿਹਾ ਕਿ ਕੱਲ੍ਹ ਯਾਨੀ ਕਿ 30 ਜਨਵਰੀ ਨੂੰ ਉਨ੍ਹਾਂ ਦੀ ਪੰਚਾਇਤ ਨੇ ਸਰਵ-ਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਪਿੰਡ ਦੇ ਹਰ ਵਿਅਕਤੀ ਨੂੰ ਕਿਸਾਨ ਅੰਦੋਲਨ ਦਿੱਲੀ ਜਾਣਾ ਹੈ ਤੇ ਅੰਦੋਲਨ ਨੂੰ ਸਮਰਥਨ ਕਰਨਾ ਹੈ। ਅੰਦੋਲਨ ਵਿੱਚ ਘੱਟੋ-ਘੱਟ ਇੱਕ ਹਫ਼ਤਾ ਰਹਿਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਾਸੀ ਦਿੱਲੀ ਅੰਦੋਲਨ ਵਿੱਚ ਨਹੀਂ ਜਾਵੇਗਾ ਤਾਂ ਉਸ ਨੂੰ 1500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਮਗਰੋਂ ਵੀ ਜੇਕਰ ਕੋਈ ਪਿੰਡ ਵਾਸੀ ਦਿੱਲੀ ਵਿੱਚ ਨਹੀਂ ਗਿਆ ਤਾਂ ਉਸ ਦਾ ਪਿੰਡ ਵਿੱਚ ਸਮਾਜਿਕ ਬਾਈਕਾਟ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਰੀਬ 400 ਘਰ ਹਨ ਅਤੇ ਸਾਰੇ ਹੀ ਪਿੰਡ ਵਾਸੀਆਂ ਨੇ ਫ਼ੈਸਲਾ ਲਿਆ ਹੈ ਕਿ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਉਹ ਕਿਸਾਨਾਂ ਦੇ ਨਾਲ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦੇਣਗੇ ਚਾਹੇ ਜਿੰਨਾ ਵੀ ਵਕਤ ਲੱਗ ਜਾਵੇ।