ਬਠਿੰਡਾ: ਥਾਈਲੈਂਡ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਹੋਈਆਂ ਸਾਫ਼ਟ ਟੈਨਿਸ ਖੇਡਾਂ ਵਿੱਚ ਬਠਿੰਡਾ ਦੇ ਨੌਜਵਾਨ ਸਿਮਰਨਜੀਤ ਸਿੰਘ ਨੇ ਕਾਂਸੇ ਦਾ ਤਮਗ਼ਾ ਜਿੱਤਿਆ ਹੈ। ਪੂਰੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਸਿਮਰਨਜੀਤ ਸਿੰਘ ਦਾ ਬਠਿੰਡਾ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ।
ਸਿਮਰਨਜੀਤ ਸਿੰਘ ਬਠਿੰਡਾ ਦੇ ਰਾਜਿੰਦਰਾ ਕਾਲਜ ਵਿਖੇ ਬੀਏ ਫਸਟ ਈਅਰ ਦਾ ਵਿਦਿਆਰਥੀ ਹੈ। ਉਸ ਨੇ ਅੰਤਰਰਾਸ਼ਟਰੀ ਖੇਡਾਂ 'ਚ ਤਮਗ਼ਾ ਜਿੱਤ ਕੇ ਨਾ ਸਿਰਫ਼ ਮਾਪਿਆ ਤੇ ਸ਼ਹਿਰ ਦਾ ਨਾਂਅ ਚਮਕਾਇਆ ਸਗੋਂ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਸਿਮਰਨਜੀਤ ਦਾ ਉਸ ਦੇ ਮਾਤਾ-ਪਿਤਾ, ਕੋਚ ਵਿਕਰਮਜੀਤ ਸਿੰਘ, ਪੰਜਾਬ ਦੇ ਸਾਫ਼ਟ ਟੈਨਿਸ ਦੇ ਜਨਰਲ ਸਕੱਤਰ ਨਰਿੰਦਰ ਪਾਲ ਸਿੰਘ ਤੇ ਸਮੂਹ ਰਿਸ਼ਤੇਦਾਰਾਂ ਨੇ ਰੇਲਵੇ ਸਟੇਸ਼ਨ ਪਹੁੰਚ ਕੇ ਸਵਾਗਤ ਕੀਤਾ। ਇਸ ਮੌਕੇ ਦੌਰਾਨ ਸਿਮਰਨਜੀਤ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਨਸ਼ੇ ਤੋਂ ਦੂਰ ਰਹਿਣ।
ਮੈਡਲ ਜਿੱਤ ਕੇ ਆਏ ਸਿਮਰਨਜੀਤ ਸਿੰਘ ਦੇ ਮਾਤਾ ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਨੇ ਸਿਮਰਜੀਤ ਵੱਲੋਂ ਮੈਡਲ ਜਿੱਤਣ 'ਤੇ ਸਮੁੱਚੇ ਦੇਸ਼ ਨੂੰ ਵਧਾਈ ਦਿੱਤੀ।
ਸਿਮਰਨਜੀਤ ਦੇ ਸਵਾਗਤ ਦੇ ਲਈ ਪਹੁੰਚੇ ਕੋਚ ਵਿਕਰਮਜੀਤ ਸਿੰਘ ਨੇ ਕਿਹਾ, "ਸਾਨੂੰ ਸਿਮਰਨਜੀਤ ਵਰਗੇ ਲੜਕੇ ਤੇ ਮਾਣ ਹੈ ਜਿਸ ਨੇ ਆਪਣੇ ਹੁਨਰ ਅਤੇ ਕਾਬਲੀਅਤ ਦੇ ਨਾਲ ਦੇਸ਼ ਨਾਂ ਰੌਸ਼ਨ ਕੀਤਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਿਮਰਨਜੀਤ ਹੋਰ ਮਿਹਨਤ ਸਦਕਾ ਗੋਲਡ ਮੈਡਲ ਹਾਸਲ ਕਰੇਗਾ।"
ਪੰਜਾਬ ਦੇ ਸਾਫ਼ਟ ਟੈਨਿਸ ਗੇਮ ਦੇ ਜਨਰਲ ਸਕੱਤਰ ਨੇ ਕਿਹਾ, "ਅਸੀਂ ਇਸ ਖੇਡ ਨੂੰ 18 ਸਾਲ ਤੋਂ ਉਭਾਰਨ ਦੇ ਯਤਨ ਕਰ ਰਹੇ ਹਾਂ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਖਿਡਾਰੀ ਨੇ ਕਾਂਸ ਤਮਗ਼ਾ ਜਿੱਤ ਕੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।" ਉਨ੍ਹਾਂ ਨੇ ਸਿਮਰਨਜੀਤ ਸਿੰਘ ਨੂੰ ਲੈਣ ਦੇ ਲਈ ਪਹੁੰਚੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੀ ਵਧਾਈ ਦਿੱਤੀ।